ਨਵੀਂ ਦਿੱਲੀ : ਦੁਨੀਆਂ ਦੇ ਮਹਾਨ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਇਸ ਦੁਨੀਆਂ ਵਿਚ ਨਹੀਂ ਰਹੇ। 92 ਸਾਲਾ ਮਨਮੋਹਨ ਨੇ 26 ਦਸੰਬਰ ਦੀ ਰਾਤ 9:51 ਵਜੇ ਦਿੱਲੀ ਏਮਜ਼ ਵਿੱਚ ਆਖਰੀ ਸਾਹ ਲਿਆ। ਏਮਜ਼ ਮੁਤਾਬਕ ਉਨ੍ਹਾਂ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਰਾਤ 8:06 ਵਜੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ।
ਦੇਸ਼ ਦੇ 14ਵੇਂ ਪ੍ਰਧਾਨ ਮੰਤਰੀ ਮਨਮੋਹਨ ਬਹੁਤ ਘੱਟ ਬੋਲਦੇ ਸਨ ਅਤੇ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਸਨ । ਹਾਲਾਂਕਿ ਆਧਾਰ, ਮਨਰੇਗਾ, ਆਰ.ਟੀ.ਆਈ., ਸਿੱਖਿਆ ਦਾ ਅਧਿਕਾਰ ਵਰਗੀਆਂ ਸਕੀਮਾਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀਆਂ ਗਈਆਂ ਸਨ, ਜੋ ਅੱਜ ਕਾਫੀ ਕਾਰਗਰ ਸਾਬਤ ਹੋ ਰਹੀਆਂ ਹਨ। ਉਹ ਇੱਕ ਸਿਆਸਤਦਾਨ ਨਾਲੋਂ ਇੱਕ ਅਰਥ ਸ਼ਾਸਤਰੀ ਦੇ ਰੂਪ ਵਿੱਚ ਵਧੇਰੇ ਪਛਾਣੇ ਜਾਂਦੇ ਸਨ। ਦੇਸ਼ ਦੀ ਆਰਥਿਕਤਾ ਨੂੰ ਨਾਜ਼ੁਕ ਦੌਰ ਵਿੱਚੋਂ ਬਾਹਰ ਕੱਢਣ ਦਾ ਸਿਹਰਾ ਵੀ ਉਨਾਂ ਨੂੰ ਦਿੱਤਾ ਜਾਂਦਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨਿਵਾਸ ਵਿਚ ਰਹਿਣ ਦੇ ਬਾਵਜੂਦ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਸਨ।
ਡਾ. ਮਨਮੋਹਨ ਸਿੰਘ ਨੂੰ ਆਪਣੀ ਮਾਰੂਤੀ 800 ਕਾਰ ਸਰਕਾਰੀ BMW ਨਾਲੋਂ ਜ਼ਿਆਦਾ ਪਸੰਦ ਸੀ। ਮਨਮੋਹਨ ਸਿੰਘ ਦੀ ਸ਼ੁਰੂਆਤੀ ਸਿੱਖਿਆ ਉਰਦੂ ਵਿੱਚ ਹੋਈ ਸੀ। ਪ੍ਰਧਾਨ ਮੰਤਰੀ ਬਣਦਿਆਂ ਵੀ ਉਹ ਉਰਦੂ ਵਿੱਚ ਹੀ ਭਾਸ਼ਣ ਦੀ ਸਕ੍ਰਿਪਟਾਂ ਲਿਖਦੇ ਸਨ। ਡਾ. ਮਨਮੋਹਨ ਸਿੰਘ ਨੇ 1948 ਵਿੱਚ ਦਸਵੀਂ ਕੀਤੀ। ਡਾ. ਮਨਮੋਹਨ ਸਿੰਘ ਨੇ ਕੈਂਬਰਿਜ ਅਤੇ ਆਕਸਫੋਰਡ ਤੋਂ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਪੰਜਾਬ ਯੂਨੀਵਰਸਿਟੀ ਅਤੇ ਦਿੱਲੀ ਸਕੂਲ ਆਫ ਇਕਨਾਮਿਕਸ ਵਿੱਚ ਅਧਿਆਪਕ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ।