ਅੰਮ੍ਰਿਤਸਰ : ਭਾਰਤ ਦੇ ਮਹਾਨ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਇਸ ਦੁਨੀਆਂ ਵਿਚ ਨਹੀਂ ਰਹੇ। ਡਾ. ਮਨਮੋਹਨ ਸਿੰਘ ਨੇ 10ਵੀਂ ਤੋਂ ਬਾਅਦ ਪ੍ਰੀ-ਕਾਲਜ ਕਰਨ ਲਈ ਹਿੰਦੂ ਕਾਲਜ ਨੂੰ ਚੁਣਿਆ ਸੀ। ਸਤੰਬਰ 1948 ਵਿੱਚ ਉਨ੍ਹਾਂ ਨੇ ਕਾਲਜ ਵਿੱਚ ਦਾਖਲਾ ਲਿਆ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਤਤਕਾਲੀ ਪ੍ਰਿੰਸੀਪਲ ਸੰਤ ਰਾਮ ਨੇ ਉਨ੍ਹਾਂ ਨੂੰ ਰੋਲ ਕਾਲ ਆਫ ਆਨਰ ਨਾਲ ਸਨਮਾਨਿਤ ਕੀਤਾ ਸੀ। ਉਹ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਵਿਦਿਆਰਥੀ ਸਨ। ਇਹ ਘਟਨਾ 2018 ਵਿੱਚ ਹਿੰਦੂ ਕਾਲਜ ਵਿੱਚ ਆਯੋਜਿਤ ਅਲੂਮਨੀ ਮੀਟ ਅਤੇ ਕਨਵੋਕੇਸ਼ਨ ਦੌਰਾਨ ਡਾ. ਮਨਮੋਹਨ ਸਿੰਘ ਨੇ ਖੁਦ ਬਿਆਨ ਕੀਤੀ ਸੀ।
ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਵਿਦਿਆਰਥੀ ਦੀ ਵਿਲੱਖਣ ਸ਼ਕਤੀ ਨੂੰ ਸਿਰਫ਼ ਅਧਿਆਪਕ ਹੀ ਪਛਾਣ ਸਕਦੇ ਹਨ। ਉਨ੍ਹਾਂ ਨੇ ਦੱਸਿਆ ਸੀ ਕਿ ਆਪਣੇ ਅਧਿਆਪਕਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੇ ਅਰਥ ਸ਼ਾਸਤਰ ਵਿੱਚ ਬੀਏ ਆਨਰਜ਼ ਵਿੱਚ ਦਾਖ਼ਲਾ ਲਿਆ ਸੀ। ਉਹ 1952 ਵਿੱਚ ਇੱਕ ਵਾਰ ਫਿਰ ਟਾਪਰ ਬਣੇ।
ਡਾ. ਮਨਮੋਹਨ ਸਿੰਘ ਨੇ ਆਪਣੇ ਸਾਬਕਾ ਪ੍ਰਿੰਸੀਪਲ ਸੰਤ ਰਾਮ, ਪ੍ਰੋ. ਮਸਤ ਰਾਮ, ਪ੍ਰੋ. ਐਸ.ਆਰ ਕਾਲੀਆ, ਡਾ. ਜੁਗਲ ਕਿਸ਼ੋਰ ਤ੍ਰਿਖਾ ਅਤੇ ਡਾ. ਸੁਦਰਸ਼ਨ ਕਪੂਰ ਨੂੰ ਆਪਣਾ ਹੀਰੋ ਦੱਸਿਆ। ਡੀਏਵੀ ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ, ਜੋ ਡਾ. ਮਨਮੋਹਨ ਸਿੰਘ ਦੇ ਬੈਚਮੇਟ ਸਨ, ਨੇ ਦੱਸਿਆ ਕਿ ਉਹ 3 ਸਾਲਾਂ ਤੋਂ ਕਾਲਜ ਦੀ ਡਿਬੇਟ ਟੀਮ ਦਾ ਹਿੱਸਾ ਸਨ। ਡਾ. ਮਨਮੋਹਨ ਕੋਲ ਸ਼ੁਰੂ ਤੋਂ ਹੀ ਘੱਟ ਬੋਲਣ ਅਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਸ਼ੈਲੀ ਸੀ। ਡਿਬੇਟ ਵਿੱਚ ਉਹ ਬਹੁਤ ਘੱਟ ਸ਼ਬਦਾਂ ਵਿੱਚ ਅਤੇ ਸਹਿਜਤਾ ਨਾਲ ਆਪਣੇ ਵਿਚਾਰ ਪ੍ਰਗਟ ਕਰਦੇ ਸਨ।