ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਕਾਰਨ ਕਾਂਗਰਸ ਨੇ ਕਰਨਾਟਕ ਵਿਚ ਚਲ ਰਹੇ ਆਪਣੇ ਦੋ ਰੋਜ਼ਾ ਸੰਮੇਲਨ ਨੂੰ ਰੱਦ ਕਰ ਦਿਤਾ ਹੈ। ਇਸ ਤੋਂ ਪਹਿਲਾ ਕਰਨਾਟਕ ਦੇ ਬੇਲਾਗਾਵੀ ਵਿੱਚ ਵੀਰਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਹੋਈ ਜਿਸ ਵਿੱਚ 26 ਜਨਵਰੀ, 2025 ਤੋਂ ‘ਸੰਵਿਧਾਨ ਬਚਾਓ ਰਾਸ਼ਟਰੀ ਪਦ ਯਾਤਰਾ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ।
ਬੈਠਕ ਦੇ ਪਹਿਲੇ ਦਿਨ ਮਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਭਾਸ਼ਣ ਦਿੱਤੇ। ਸੋਨੀਆ ਗਾਂਧੀ ਕਨਵੈਨਸ਼ਨ ਵਿੱਚ ਸ਼ਾਮਲ ਨਹੀਂ ਹੋਈ, ਪਰ ਉਨ੍ਹਾਂ ਨੇ ਇੱਕ ਪੱਤਰ ਰਾਹੀਂ ਵਰਕਰਾਂ ਨੂੰ ਸੰਬੋਧਨ ਕੀਤਾ। ਬੈਠਕ ਤੋਂ ਬਾਅਦ ਪਾਰਟੀ ਨੇਤਾ ਜੈਰਾਮ ਰਮੇਸ਼ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਭਾਰਤ ਜੋੜੋ ਯਾਤਰਾ ਨੇ ਕਾਂਗਰਸ ਨੂੰ ਜੀਵਨ ਦਿੱਤਾ ਸੀ। ਇਹ ਕਾਂਗਰਸ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਮੋੜ ਹੈ। ਅਸੀਂ ਭਾਰਤ ਜੋੜੋ ਨਿਆਏ ਯਾਤਰਾ ਵੀ ਕੱਢੀ। ਹੁਣ 26 ਜਨਵਰੀ ਤੋਂ ਅਸੀਂ ਇੱਕ ਸਾਲ ਲੰਬੇ ‘ਸੰਵਿਧਾਨ ਬਚਾਓ ਰਾਸ਼ਟਰੀ ਮਾਰਚ’ ਦੀ ਸ਼ੁਰੂਆਤ ਕਰਾਂਗੇ।
ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਨੇ ਕਿਹਾ, ‘ਕਾਂਗਰਸ ਦਸੰਬਰ 2024 ਤੋਂ ਜਨਵਰੀ 2026 ਤੱਕ ਲੋਕਾਂ ਨਾਲ ਜੁੜੇ ਮੁੱਦੇ ਉਠਾਏਗੀ ਅਤੇ ਜੈ ਬਾਪੂ, ਜੈ ਭੀਮ, ਜੈ ਸੰਵਿਧਾਨ ਸਿਆਸੀ ਮੁਹਿੰਮ ਸ਼ੁਰੂ ਕਰੇਗੀ। ਹਾਲਾਂਕਿ ਦੋ ਰੋਜ਼ਾ ਸੰਮੇਲਨ ਪਹਿਲੇ ਦਿਨ ਹੀ ਰੱਦ ਕਰ ਦਿੱਤਾ ਗਿਆ ਹੈ। ਬੁੱਧਵਾਰ ਸ਼ਾਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਿਹਾਂਤ ਕਾਰਨ ਸਾਰੇ ਸੀਨੀਅਰ ਨੇਤਾ ਦਿੱਲੀ ਲਈ ਰਵਾਨਾ ਹੋ ਗਏ ਹਨ।