ਨਵੀਂ ਦਿੱਲੀ : ਅਗਲੇ ਸਾਲ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਆਪਣੀਆਂ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ। ਇਸੇ ਲੜੀ ਤਹਿਤ ਅੱਜ ਖੇਡਾਂ ਅਤੇ ਫਿਟਨੈਸ ਖੇਤਰ ਨਾਲ ਜੁੜੇ ਦੋ ਪ੍ਰਮੁੱਖ ਚਿਹਰੇ ਰੋਹਿਤ ਦਲਾਲ ਅਤੇ ਅਕਸ਼ੈ ਦਿਲਾਵਰੀ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਕੀਤਾ ਗਿਆ।
ਰੋਹਿਤ ਦਲਾਲ, ਜੋ ਕਿ ਇੱਕ ਮਸ਼ਹੂਰ ਬਾਡੀ ਬਿਲਡਰ ਹੈ, ਨੇ ਫਿਟਨੈਸ ਅਤੇ ਖੇਡਾਂ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਛਾਪ ਛੱਡੀ ਹੈ। ਉਹ ਕੁਸ਼ਤੀ ਅਤੇ ਖੇਡਾਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਵੀ ਕਰ ਚੁੱਕੇ ਹਨ। ਉਨ੍ਹਾਂ ਦੇ ਨਾਲ ਹੀ 70 ਤੋਂ 80 ਦੇ ਕਰੀਬ ਬਾਡੀ ਬਿਲਡਰ ਵੀ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਚੁੱਕੇ ਹਨ।
ਸੂਤਰਾਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਦਿੱਲੀ ਦੇ ਕਈ ਜਿੰਮ ਮਾਲਕ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਪਾਰਟੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜੇਕਰ ਉਹ ਸੱਤਾ ‘ਚ ਆਉਂਦੇ ਹਨ ਤਾਂ ਜਿੰਮ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ, ਤਾਂ ਜੋ ਫਿਟਨੈੱਸ ਇੰਡਸਟਰੀ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ।
ਰੋਹਿਤ ਦਲਾਲ ਅਤੇ ਅਕਸ਼ੈ ਦਿਲਾਵਰੀ ਦੇ ਪਾਰਟੀ ਵਿੱਚ ਦਾਖ਼ਲੇ ਤੋਂ ਸਾਫ਼ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਟਨੈਸ ਅਤੇ ਖੇਡਾਂ ਦੇ ਮੁੱਦਿਆਂ ਨੂੰ ਪਹਿਲ ਦੇ ਸਕਦੀ ਹੈ ਅਤੇ ਇਸ ਦਿਸ਼ਾ ਵਿੱਚ ਗੰਭੀਰ ਕਦਮ ਚੁੱਕਣ ਦਾ ਵਾਅਦਾ ਵੀ ਕਰ ਸਕਦੀ ਹੈ।