ਮਾਸਕੋ : ਰੂਸ ਵਿਚ ਮੁਸਲਮਾਨਾਂ ਵਿਚ ਬਹੁ-ਵਿਆਹ ਦਾ ਮੁੱਦਾ ਗਰਮ ਹੈ। ਰੂਸ ਵਿਚ ਇਕ ਚੋਟੀ ਦੀ ਇਸਲਾਮਿਕ ਸੰਸਥਾ (ਡੀਯੂਐਮ) ਨੇ ਮੁਸਲਿਮ ਮਰਦਾਂ ਨੂੰ ਚਾਰ ਪਤਨੀਆਂ ਰੱਖਣ ਦੀ ਇਜਾਜ਼ਤ ਦੇਣ ਵਾਲੇ ਵਿਵਾਦਪੂਰਨ ਫਤਵੇ ਨੂੰ ਵਾਪਸ ਲੈ ਲਿਆ ਹੈ। ਆਰਟੀ ਨਿਊਜ਼ ਦੇ ਅਨੁਸਾਰ, 17 ਦਸੰਬਰ ਨੂੰ, ਇਸਲਾਮਿਕ ਸੰਸਥਾ DUM ਨੇ ਇੱਕ ਫਤਵਾ ਜਾਰੀ ਕਰਕੇ ਇੱਕ ਤੋਂ ਵੱਧ ਔਰਤਾਂ ਨਾਲ ਵਿਆਹ ਕਰਨ ਦੀ ਇਜਾਜ਼ਤ ਦੀ ਮੰਗ ਕੀਤੀ ਸੀ।
ਇਸ ਵਿਚ ਪਤਨੀ ਦੀ ਸਿਹਤ ਖਰਾਬ ਹੋਣ ਜਾਂ ਬੁੱਢੀ ਹੋਣ ‘ਤੇ ਮੁੜ ਵਿਆਹ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਫਤਵੇ ਵਿੱਚ ਕਿਹਾ ਗਿਆ ਸੀ ਕਿ ਇੱਕ ਆਦਮੀ ਚਾਰ ਪਤਨੀਆਂ ਰੱਖ ਸਕਦਾ ਹੈ, ਬਸ਼ਰਤੇ ਉਹ ਸਾਰੀਆਂ ਪਤਨੀਆਂ ਨੂੰ ਬਰਾਬਰ ਦਾ ਸਮਾਂ ਅਤੇ ਆਰਾਮ ਦਿੰਦਾ ਹੋਵੇ। ਦਸਤਾਵੇਜ਼ ਵਿੱਚ ਸਾਰੀਆਂ ਪਤਨੀਆਂ ਨਾਲ ਨਿਰਪੱਖ ਜਾਂ ਬਰਾਬਰ ਵਿਵਹਾਰ ਦੀਆਂ ਸ਼ਰਤਾਂ ਵੀ ਸ਼ਾਮਲ ਸਨ।
ਹਾਲਾਂਕਿ ਪੂਰੇ ਦੇਸ਼ ‘ਚ ਇਸ ਫਤਵੇ ਦੀ ਆਲੋਚਨਾ ਹੋ ਰਹੀ ਸੀ। ਫਤਵਾ ਜਾਰੀ ਹੋਣ ਦੇ ਛੇ ਦਿਨ ਬਾਅਦ ਸੋਮਵਾਰ ਨੂੰ ਸਰਕਾਰ ਨੇ ਇਸਲਾਮਿਕ ਸੰਗਠਨ ਨੂੰ ਨੋਟਿਸ ਭੇਜਿਆ ਹੈ। ਕੁਝ ਘੰਟਿਆਂ ਬਾਅਦ, ਡੀਯੂਐਮ ਨੇ ਫਤਵਾ ਵਾਪਸ ਲੈਣ ਦਾ ਐਲਾਨ ਕੀਤਾ। ਡੀਯੂਐਮ ਦੇ ਪ੍ਰਧਾਨ ਸ਼ਮੀਲ ਅਲੀਉਤਦੀਨੋਵ ਨੇ ਫਤਵੇ ਨੂੰ ਵਾਪਸ ਲੈਣ ਬਾਰੇ ਕਿਹਾ ਕਿ ਇਹ ਅੱਲ੍ਹਾ ਦੀ ਮਰਜ਼ੀ ਹੈ, ਇਸ ਮੁੱਦੇ ‘ਤੇ ਬਹਿਸ ਕਰਨ ਦਾ ਕੋਈ ਮਤਲਬ ਨਹੀਂ ਹੈ।