ਢਾਕਾ : ਬੰਗਲਾਦੇਸ਼ ਲਗਾਤਾਰ ਪਾਕਿਸਤਾਨ ਨਾਲ ਆਪਣੀ ਦੋਸਤੀ ਦੇ ਸਬੰਧ ਮਜਬੂਤ ਕਰ ਰਿਹਾ ਹੈ। ਬੰਗਲਾਦੇਸ਼ ਨੇ ਪਾਕਿਸਤਾਨੀ ਫੌਜ ਦੀ ਟੀਮ ਨੂੰ ਆਪਣੇ ਸੈਨਿਕਾਂ ਨੂੰ ਸਿਖਲਾਈ ਦੇਣ ਲਈ ਬੁਲਾਇਆ ਹੈ। 1971 ਦੀ ਭਾਰਤ-ਪਾਕਿ ਜੰਗ ‘ਚ ਕਰਾਰੀ ਹਾਰ ਦੇ 53 ਸਾਲ ਬਾਅਦ ਪਾਕਿਸਤਾਨੀ ਫੌਜ ਇਕ ਵਾਰ ਫਿਰ ਬੰਗਲਾਦੇਸ਼ ਦੀ ਧਰਤੀ ‘ਤੇ ਪੈਰ ਜਮਾਏਗੀ।
ਪਾਕਿਸਤਾਨ ਸੈਨਾ ਦੇ ਇੱਕ ਮੇਜਰ ਜਨਰਲ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਬੰਗਲਾਦੇਸ਼ੀ ਸੈਨਾ ਨੂੰ ਸਿਖਲਾਈ ਦੇਵੇਗੀ। ਰਿਪੋਰਟਾਂ ਮੁਤਾਬਕ ਇਹ ਟ੍ਰੇਨਿੰਗ ਅਗਲੇ ਸਾਲ ਫਰਵਰੀ ‘ਚ ਸ਼ੁਰੂ ਹੋਵੇਗੀ। ਸਿਖਲਾਈ ਦਾ ਪਹਿਲਾ ਪੜਾਅ ਮੇਮੇਨਸ਼ਾਹੀ ਛਾਉਣੀ ਵਿੱਚ ਫੌਜੀ ਸਿਖਲਾਈ ਅਤੇ ਸਿਧਾਂਤ ਕਮਾਂਡ (ਏ.ਟੀ.ਡੀ.ਸੀ.) ਹੈੱਡਕੁਆਰਟਰ ਵਿਖੇ ਆਯੋਜਿਤ ਕੀਤਾ ਜਾਵੇਗਾ। ਸਿਖਲਾਈ ਦਾ ਇਹ ਪਹਿਲਾ ਪੜਾਅ ਇੱਕ ਸਾਲ ਤੱਕ ਚੱਲੇਗਾ। ਇਸ ਤੋਂ ਬਾਅਦ ਪਾਕਿਸਤਾਨ ਆਰਮੀ ਬੰਗਲਾਦੇਸ਼ ਫੌਜ ਦੀਆਂ ਸਾਰੀਆਂ 10 ਕਮਾਂਡਾਂ ਵਿੱਚ ਸਿਖਲਾਈ ਵੀ ਦੇਵੇਗੀ।
ਸਿਖਲਾਈ ਲਈ ਪਾਕਿਸਤਾਨੀ ਫ਼ੌਜ ਦੀ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੇ ਨਵੰਬਰ ਵਿੱਚ ਬੰਗਲਾਦੇਸ਼ ਨੂੰ ਸਿਖਲਾਈ ਦਾ ਪ੍ਰਸਤਾਵ ਭੇਜਿਆ ਸੀ। ਇਸ ਪ੍ਰਸਤਾਵ ਨੂੰ ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਸਵੀਕਾਰ ਕਰ ਲਿਆ ਹੈ। ਇਸ ਤੋਂ ਬਾਅਦ ਜਨਰਲ ਵਕਾਰ ਨੇ ਪਾਕਿਸਤਾਨੀ ਫੌਜ ਨੂੰ ਸਿਖਲਾਈ ਲਈ ਰਸਮੀ ਸੱਦਾ ਦਿੱਤਾ ਹੈ। ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਅਸਲੇ ਦੀਆਂ ਦੋ ਖੇਪਾਂ ਮੰਗਵਾਈਆਂ ਹਨ। ਸਤੰਬਰ ਤੋਂ ਦਸੰਬਰ ਦਰਮਿਆਨ ਬੰਗਲਾਦੇਸ਼ ਨੇ 40 ਹਜ਼ਾਰ ਗੋਲਾ ਬਾਰੂਦ ਦਾ ਆਰਡਰ ਦਿੱਤਾ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਹੈ।