ਮੁੰਬਈ : ਮਸ਼ਹੂਰ ਫਿਲਮ ਸ਼ਿਆਮ ਬੈਨੇਗਲ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿਤਾ ਹੈ। ਮਸ਼ਹੂਰ ਫਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਨਿਰਮਾਤਾ ਸ਼ਿਆਮ ਬੇਨੇਗਲ ਦਾ ਸੋਮਵਾਰ ਨੂੰ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਸੈਂਟਰਲ ਦੇ ਵੋਕਹਾਰਟ ਹਸਪਤਾਲ ‘ਚ ਸ਼ਾਮ 6:38 ‘ਤੇ ਆਖਰੀ ਸਾਹ ਲਏ।
ਉਨ੍ਹਾਂ ਦਾ ਅੰਤਿਮ ਸਸਕਾਰ ਮੰਗਲਵਾਰ ਨੂੰ ਕੀਤਾ ਜਾਵੇਗਾ। ਉਨ੍ਹਾਂ ਦੀ ਬੇਟੀ ਪਿਯਾ ਬੇਨੇਗਲ ਨੇ ਕਿਹਾ, ‘ਉਹ ਲੰਬੇ ਸਮੇਂ ਤੋਂ ਕਿਡਨੀ ਦੀ ਬੀਮਾਰੀ ਤੋਂ ਪੀੜਤ ਸਨ।’ ਦੋ ਸਾਲ ਪਹਿਲਾਂ ਉਨ੍ਹਾਂ ਦੇ ਦੋਵੇਂ ਗੁਰਦੇ ਫੇਲ ਹੋ ਗਏ ਸਨ। ਉਦੋਂ ਤੋਂ ਉਨ੍ਹਾਂ ਦਾ ਡਾਇਲਸਿਸ ਦਾ ਇਲਾਜ ਚੱਲ ਰਿਹਾ ਸੀ। ਸਭ ਤੋਂ ਵੱਧ ਰਾਸ਼ਟਰੀ ਪੁਰਸਕਾਰ ਜਿੱਤਣ ਦਾ ਰਿਕਾਰਡ ਸ਼ਿਆਮ ਬੇਨੇਗਲ ਦੇ ਨਾਂ ਹੈ। ਉਨ੍ਹਾਂ ਨੂੰ 8 ਫਿਲਮਾਂ ਲਈ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਸ਼ਿਆਮ ਬੈਨੇਗਲ ਦੀਆਂ ਫਿਲਮਾਂ ਨੇ ਭਾਰਤੀ ਸਿਨੇਮਾ ਨੂੰ ਮਹਾਨ ਕਲਾਕਾਰ ਦਿੱਤੇ, ਜਿਨ੍ਹਾਂ ਵਿੱਚ ਨਸੀਰੂਦੀਨ ਸ਼ਾਹ, ਓਮ ਪੁਰੀ, ਅਮਰੀਸ਼ ਪੁਰੀ, ਅਨੰਤ ਨਾਗ, ਸ਼ਬਾਨਾ ਆਜ਼ਮੀ, ਸਮਿਤਾ ਪਾਟਿਲ ਅਤੇ ਸਿਨੇਮੈਟੋਗ੍ਰਾਫਰ ਗੋਵਿੰਦ ਨਿਹਲਾਨੀ ਪ੍ਰਮੁੱਖ ਹਨ। ਜਵਾਹਰ ਲਾਲ ਨਹਿਰੂ ਅਤੇ ਸਤਿਆਜੀਤ ਰੇਅ ‘ਤੇ ਦਸਤਾਵੇਜ਼ੀ ਫਿਲਮਾਂ ਬਣਾਉਣ ਤੋਂ ਇਲਾਵਾ, ਉਨ੍ਹਾਂ ਨੇ ਦੂਰਦਰਸ਼ਨ ਲਈ ਸੀਰੀਅਲ ‘ਯਾਤਰਾ’, ‘ਕਥਾ ਸਾਗਰ’ ਅਤੇ ‘ਭਾਰਤ ਏਕ ਖੋਜ’ ਦਾ ਨਿਰਦੇਸ਼ਨ ਵੀ ਕੀਤਾ।