ਰਾਜਸਥਾਨ: ਰਾਜਸਥਾਨ ਦੇ ਕੋਟਪੁਤਲੀ ‘ਚ ਇਕ ਦਰਦਨਾਕ ਘਟਨਾ ਵਾਪਰੀ, ਜਦੋਂ 3 ਸਾਲ ਦੀ ਬੱਚੀ ਚੇਤਨਾ (Chetna) ਅਚਾਨਕ ਬੋਰਵੈੱਲ (Borewell) ‘ਚ ਡਿੱਗ ਗਈ। ਪਿਛਲੇ 18 ਘੰਟਿਆਂ ਤੋਂ ਲਗਾਤਾਰ ਲੜਕੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਅਜੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ ਹੈ। ਇਸ ਦੌਰਾਨ NDRF ਅਤੇ SDRF ਦੀਆਂ ਟੀਮਾਂ ਬਚਾਅ ਕਾਰਜਾਂ ‘ਚ ਲੱਗੀਆਂ ਹੋਈਆਂ ਹਨ ਪਰ ਸਥਿਤੀ ਬੇਹੱਦ ਚੁਣੌਤੀਪੂਰਨ ਬਣੀ ਹੋਈ ਹੈ।
ਬਚਾਅ ਕਾਰਜ ਦੌਰਾਨ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਾਰੀਆਂ ਅਸਫ਼ਲ ਰਹੀਆਂ। ਪਹਿਲਾਂ ਬਚਾਅ ਦਲ ਨੇ ਬੋਰਵੈੱਲ ‘ਚ ਹੁੱਕ ਪਾਈ, ਪਰ ਹੁੱਕ ਲੜਕੀ ਦੇ ਕੱਪੜਿਆਂ ‘ਚ ਹੀ ਫਸ ਗਈ। ਫਿਰ ਬੋਰਵੈੱਲ ‘ਚ ‘ਐਲ-ਆਕਾਰ’ ਵਾਲਾ ਯੰਤਰ ਪਾਇਆ ਗਿਆ, ਪਰ ਉਹ ਵੀ ਕੰਮ ਨਹੀਂ ਕਰ ਸਕਿਆ। ਤੀਸਰੀ ਵਾਰ ਪੇਚ ਵਰਗਾ ਯੰਤਰ ਪਾਇਆ ਗਿਆ ਪਰ ਫਿਰ ਵੀ ਬੱਚੀ ਨੂੰ ਬਾਹਰ ਕੱਢਣ ‘ਚ ਸਫ਼ਲਤਾ ਨਹੀਂ ਮਿਲੀ।
ਲੜਕੀ ਦੇ ਪਰਿਵਾਰ ਦਾ ਸਬਰ ਟੁੱਟ ਰਿਹਾ ਹੈ ਕਿਉਂਕਿ ਉਹ ਲੜਕੀ ਦੀ ਹਾਲਤ ਨੂੰ ਲੈ ਕੇ ਡੂੰਘੇ ਚਿੰਤਤ ਹਨ। ਉਪਰੋਂ ਮਿੱਟੀ ਡਿੱਗਣ ਕਾਰਨ ਬੋਰਵੈੱਲ ‘ਚ ਫਸੀ ਚੇਤਨਾ ਦਾ ਚਿਹਰਾ ਕੈਮਰੇ ਤੋਂ ਵੀ ਸਾਫ਼ ਨਜ਼ਰ ਨਹੀਂ ਆ ਰਿਹਾ। ਇਹ ਬੋਰਵੈੱਲ ਲਗਭਗ 750 ਫੁੱਟ ਡੂੰਘਾ ਹੈ ਅਤੇ ਚੇਤਨਾ ਲਗਭਗ 160 ਫੁੱਟ ਦੀ ਡੂੰਘਾਈ ‘ਤੇ ਫਸੀ ਹੋਈ ਹੈ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਚਾਅ ਕਾਰਜ ਤੇਜ਼ ਕੀਤਾ ਜਾਵੇਗਾ ਤਾਂ ਜੋ ਜਲਦੀ ਤੋਂ ਜਲਦੀ ਬੱਚੀ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ।