ਲਖਨਊ: ਯੂ.ਪੀ ਪੁਲਿਸ ਦਾ ਖਾਲਿਸਤਾਨੀ ਕਮਾਂਡੋ ਫੋਰਸ (The Khalistani Commando Force) ਦੇ ਤਿੰਨ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਪੰਜਾਬ ਦੇ ਗੁਰਦਾਸਪੁਰ ਪੁਲਿਸ ਚੌਕੀ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਯੂ.ਪੀ ਪੁਲਿਸ ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਖਾਲਿਸਤਾਨੀ ਕਮਾਂਡੋ ਫੋਰਸ ਦੇ ਤਿੰਨ ਅੱਤਵਾਦੀ ਮਾਰੇ ਗਏ। ਮਾਰੇ ਗਏ ਅੱਤਵਾਦੀਆਂ ਕੋਲੋਂ ਦੋ ਏ.ਕੇ-47 ਰਾਈਫਲਾਂ, ਦੋ ਗਲੋਕ ਪਿਸਤੌਲ ਅਤੇ ਵੱਡੀ ਮਾਤਰਾ ਵਿਚ ਕਾਰਤੂਸ ਬਰਾਮਦ ਹੋਏ ਹਨ।
ਜਾਣਕਾਰੀ ਮੁਤਾਬਕ ਇਹ ਮੁਕਾਬਲਾ ਪੀਲੀਭੀਤ ਦੇ ਪੂਰਨਪੁਰ ਕੋਤਵਾਲੀ ਇਲਾਕੇ ‘ਚ ਹੋਇਆ। ਜਿਸ ਵਿੱਚ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਉਰਫ਼ ਰਵੀ ਅਤੇ ਜਸਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਵਾਸੀ ਗੁਰਦਾਸਪੁਰ ਦੀ ਮੌਤ ਹੋ ਗਈ। ਗੋਲੀਆਂ ਨਾਲ ਜ਼ਖਮੀ ਹੋਏ ਸਾਰੇ ਦੋਸ਼ੀਆਂ ਨੂੰ ਸੀ.ਐੱਚ.ਸੀ. ਪੂਰਨਪੁਰ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।
ਐਸ.ਪੀ ਪੀਲੀਭੀਤ ਨੇ ਆਪਰੇਸ਼ਨ ਦੀ ਕੀਤੀ ਅਗਵਾਈ
ਡੀ.ਜੀ.ਪੀ. ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਸਾਨੂੰ ਪੰਜਾਬ ਪੁਲਿਸ ਤੋਂ ਇਨਪੁਟ ਮਿਲਿਆ ਸੀ ਕਿ ਗੁਰੂਦਾਸਪੁਰ ਪੁਲਿਸ ਚੌਕੀ ‘ਤੇ ਹੋਏ ਹਮਲੇ ਦੇ ਦੋਸ਼ੀ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਲੁਕੇ ਹੋ ਸਕਦੇ ਹਨ। ਇਸ ਇਨਪੁਟ ਤੋਂ ਬਾਅਦ ਜ਼ਿਲ੍ਹਾ ਪੁਲਿਸ ਸਰਗਰਮ ਹੋ ਗਈ ਅਤੇ ਬੀਤੀ ਦੇਰ ਰਾਤ ਯੂ.ਪੀ ਪੁਲਿਸ ਅਤੇ ਪੰਜਾਬ ਪੁਲਿਸ ਦੀ ਟੀਮ ਨਾਲ ਲਾਈਵ ਮੁਕਾਬਲੇ ਵਿੱਚ ਤਿੰਨੋਂ ਅੱਤਵਾਦੀਆਂ ਨੂੰ ਗੋਲੀਆਂ ਨਾਲ ਜ਼ਖਮੀ ਕਰ ਦਿੱਤਾ ਗਿਆ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਡੀ.ਜੀ.ਪੀ. ਨੇ ਕਿਹਾ ਕਿ ਇਸ ਆਪਰੇਸ਼ਨ ਦੀ ਅਗਵਾਈ ਪੀਲੀਭੀਤ ਦੇ ਪੁਲਿਸ ਸੁਪਰਡੈਂਟ ਨੇ ਖੁਦ ਕੀਤੀ ਸੀ।
ਯੂ.ਪੀ ਪੁਲਿਸ ਨੇ ਚੰਗਾ ਕੰਮ ਕੀਤਾ: ਡੀ.ਜੀ.ਪੀ.
ਡੀ.ਜੀ.ਪੀ. ਨੇ ਕਿਹਾ ਕਿ ਇਹ ਐਨਕਾਊਂਟਰ ਇੱਕ ਵੱਡੀ ਪ੍ਰਾਪਤੀ ਹੈ, ਕਿਉਂਕਿ ਦੂਜੇ ਰਾਜਾਂ ਨਾਲ ਜਾਣਕਾਰੀ ਸਾਂਝੀ ਕਰਕੇ ਸਫਲਤਾ ਹਾਸਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ ਦੋ ਏ.ਕੇ-47 ਸਮੇਤ ਵੱਡੀ ਮਾਤਰਾ ਵਿੱਚ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਵਧੀਆ ਕੰਮ ਕੀਤਾ ਹੈ। ਪੁਲਿਸ ਅਲਰਟ ‘ਤੇ ਹੈ। ਤਿੰਨੋਂ ਅੱਤਵਾਦੀ ਪੀਲੀਭੀਤ ਦੇ ਪੂਰਨਪੁਰ ਵਿੱਚ ਲੁਕੇ ਹੋਏ ਸਨ।