ਕੁਵੈਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਵਿਚ ਲਗਾਤਾਰ ਭਾਰਤ ਦਾ ਨਾਂ ਰੋਸ਼ਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਵੈਤ ਫੇਰੀ ਦੇ ਦੂਜੇ ਦਿਨ ਆਰਡਰ ਆਫ ਮੁਬਾਰਕ ਅਲ ਕਬੀਰ ਦਾ ਸਰਵਉੱਚ ਸਨਮਾਨ ਦਿੱਤਾ ਗਿਆ ਹੈ।
ਪੀਐੱਮ ਮੋਦੀ ਨੂੰ ਇਹ ਸਨਮਾਨ ਕੁਵੈਤ ਦੇ ਅਮੀਰ ਸ਼ੇਖ ਮਿਸ਼ਾਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਨੇ ਦਿੱਤਾ। ਮੋਦੀ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਇਹ 20ਵਾਂ ਅੰਤਰਰਾਸ਼ਟਰੀ ਸਨਮਾਨ ਹੈ ਜੋ ਮੋਦੀ ਨੂੰ ਕਿਸੇ ਦੇਸ਼ ਤੋਂ ਮਿਲ ਰਿਹਾ ਹੈ। ਆਰਡਰ ਆਫ ਮੁਬਾਰਕ ਅਲ ਕਬੀਰ ਦਾ ਆਰਡਰ ਕੁਵੈਤ ਦਾ ਨਾਈਟਹੁੱਡ ਆਰਡਰ ਹੈ। ਇਹ ਪੁਰਸਕਾਰ ਰਾਜ ਦੇ ਮੁਖੀਆਂ ਅਤੇ ਵਿਦੇਸ਼ੀ ਸ਼ਾਸਕਾਂ ਅਤੇ ਵਿਦੇਸ਼ੀ ਸ਼ਾਹੀ ਪਰਿਵਾਰਾਂ ਦੇ ਮੈਂਬਰਾਂ ਨੂੰ ਦੋਸਤੀ ਦੇ ਚਿੰਨ੍ਹ ਵਜੋਂ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਪੁਰਸਕਾਰ ਬਿਲ ਕਲਿੰਟਨ, ਪ੍ਰਿੰਸ ਚਾਰਲਸ ਅਤੇ ਜਾਰਜ ਬੁਸ਼ ਵਰਗੇ ਵਿਦੇਸ਼ੀ ਨੇਤਾਵਾਂ ਨੂੰ ਦਿੱਤਾ ਜਾ ਚੁੱਕਾ ਹੈ।
ਇਸਦੇ ਨਾਲ ਹੀ ਪੀਐਮ ਮੋਦੀ ਨੇ ਅਮੀਰ ਸ਼ੇਖ ਮਿਸ਼ਾਲ ਨਾਲ ਹੋਈ ਗੱਲਬਾਤ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕੁਵੈਤ ਦੇ ਅਮੀਰ ਨਾਲ ਸ਼ਾਨਦਾਰ ਮੁਲਾਕਾਤ ਹੋਈ। ਅਸੀਂ ਫਾਰਮਾਸਿਊਟੀਕਲ, ਆਈ.ਟੀ., ਫਿਨਟੈਕ, ਬੁਨਿਆਦੀ ਢਾਂਚਾ ਅਤੇ ਸੁਰੱਖਿਆ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ। ਅਸੀਂ ਆਪਣੀ ਭਾਈਵਾਲੀ ਨੂੰ ਰਣਨੀਤਕ ਪੱਧਰ ਤੱਕ ਲੈ ਗਏ ਹਾਂ ਅਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਦੋਸਤੀ ਹੋਰ ਵੀ ਮਜ਼ਬੂਤ ਹੋਵੇਗੀ।