ਮਾਸਕੋ : ਸੀਰੀਆ ਦੇ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਪਤਨੀ ਅਸਮਾ ਅਲ-ਅਸਦ ਨੇ ਉਸ ਤੋਂ ਤਲਾਕ ਲੈਣ ਲਈ ਅਰਜ਼ੀ ਦਾਇਰ ਕੀਤੀ ਹੈ। ਇਜ਼ਰਾਇਲੀ ਅਖਬਾਰ ਯੇਰੂਸ਼ਲਮ ਪੋਸਟ ਮੁਤਾਬਕ ਸੀਰੀਆ ‘ਚ ਸੱਤਾ ਤੋਂ ਬੇਦਖਲ ਕੀਤੇ ਗਏ ਅਸਦ ਦੀ ਪਤਨੀ ਰੂਸ ‘ਚ ਰਹਿ ਕੇ ਖੁਸ਼ ਨਹੀਂ ਹੈ। ਉਹ ਬ੍ਰਿਟੇਨ ਜਾਣ ਦੀ ਯੋਜਨਾ ਬਣਾ ਰਹੀ ਹੈ। ਅਸਮਾ ਨੇ ਦੇਸ਼ ਛੱਡਣ ਲਈ ਰੂਸੀ ਅਦਾਲਤ ਵਿੱਚ ਵੀ ਅਰਜ਼ੀ ਦਿੱਤੀ ਹੈ।
ਅਸਮਾ ਨੇ ਦਸੰਬਰ 2000 ਵਿੱਚ ਬਸ਼ਰ ਅਲ-ਅਸਦ ਨਾਲ ਵਿਆਹ ਕੀਤਾ ਸੀ। ਉਸ ਕੋਲ ਬ੍ਰਿਟੇਨ ਅਤੇ ਸੀਰੀਆ ਦੀ ਦੋਹਰੀ ਨਾਗਰਿਕਤਾ ਹੈ। ਆਸਮਾ ਦਾ ਜਨਮ ਲੰਡਨ ਵਿੱਚ 1975 ਵਿੱਚ ਸੀਰੀਆਈ ਮਾਪਿਆਂ ਦੇ ਘਰ ਹੋਇਆ ਸੀ। ਅਸਮਾ ਨੇ ਕਿੰਗਜ਼ ਕਾਲਜ, ਲੰਡਨ ਤੋਂ ਕੰਪਿਊਟਰ ਸਾਇੰਸ ਅਤੇ ਫਰਾਂਸੀਸੀ ਸਾਹਿਤ ਵਿੱਚ ਡਿਗਰੀ ਹਾਸਲ ਕੀਤੀ ਹੈ। ਅਸਮਾ ਅਤੇ ਅਸਦ ਦੇ ਤਿੰਨ ਬੱਚੇ ਹਨ, ਜਿਨ੍ਹਾਂ ਦਾ ਨਾਂ ਹਾਫਿਜ਼, ਜੀਨ ਅਤੇ ਕਰੀਮ ਹੈ। ਉਹ ਆਪਣੇ ਬੱਚਿਆਂ ਨਾਲ ਲੰਡਨ ਵਿੱਚ ਰਹਿਣ ਦੀ ਯੋਜਨਾ ਬਣਾ ਰਹੀ ਹੈ। ਬਸ਼ਰ ਅਲ-ਅਸਦ ਨੇ 8 ਦਸੰਬਰ ਨੂੰ ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਤੇ ਬਾਗੀ ਲੜਾਕਿਆਂ ਦੇ ਕਬਜ਼ੇ ਤੋਂ ਬਾਅਦ ਦੇਸ਼ ਛੱਡ ਕੇ ਆਪਣੇ ਪਰਿਵਾਰ ਨਾਲ ਰੂਸ ਵਿਚ ਸ਼ਰਨ ਲਈ ਸੀ।
ਯੇਰੂਸ਼ਲਮ ਪੋਸਟ ਮੁਤਾਬਕ ਬਸ਼ਰ ਅਲ-ਅਸਦ ਅਤੇ ਉਨ੍ਹਾਂ ਦਾ ਪਰਿਵਾਰ ਮਾਸਕੋ ‘ਚ ਰਹਿ ਰਿਹਾ ਹੈ। ਰੂਸ ਨੇ ਉਨ੍ਹਾਂ ਨੂੰ ਸ਼ਰਣ ਦਿੱਤੀ ਹੈ, ਪਰ ਉਨ੍ਹਾਂ ਨੂੰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਦ ਨੂੰ ਮਾਸਕੋ ਛੱਡਣ ਜਾਂ ਕਿਸੇ ਵੀ ਰਾਜਨੀਤਿਕ ਗਤੀਵਿਧੀ ਵਿੱਚ ਸ਼ਾਮਲ ਹੋਣ ‘ਤੇ ਰੋਕ ਹੈ। ਰਿਪੋਰਟਾਂ ਮੁਤਾਬਕ ਰੂਸੀ ਅਧਿਕਾਰੀਆਂ ਨੇ ਅਸਦ ਦੀ ਜਾਇਦਾਦ ਵੀ ਜ਼ਬਤ ਕਰ ਲਈ ਹੈ। ਇਸ ਵਿੱਚ 270 ਕਿਲੋ ਸੋਨਾ, 2 ਬਿਲੀਅਨ ਡਾਲਰ ਨਕਦ ਅਤੇ ਮਾਸਕੋ ਵਿੱਚ 18 ਅਪਾਰਟਮੈਂਟ ਸ਼ਾਮਲ ਹਨ। ਤੁਰਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅਸਦ ਵੀ ਰੂਸ ਛੱਡ ਕੇ ਬ੍ਰਿਟੇਨ ਜਾਣ ਦੀ ਯੋਜਨਾ ਬਣਾ ਰਹੇ ਹਨ।