ਨਵੀਂ ਦਿੱਲੀ : ਬੰਗਲਾਦੇਸ਼ ਲਗਾਤਾਰ ਭਾਰਤ ਦੇ ਖਿਲਾਫ ਬਿਆਨਬਾਜ਼ੀ ਕਰ ਰਿਹਾ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ‘ਚ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਦੇ ਸਲਾਹਕਾਰ ਮਹਿਫੂਜ਼ ਆਲਮ ਦੇ ਵਿਵਾਦਤ ਪੋਸਟ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।
ਮਹਿਫੂਜ਼ ਨੇ 16 ਦਸੰਬਰ ਨੂੰ ਇੱਕ ਵਿਵਾਦਿਤ ਪੋਸਟ ਕੀਤਾ ਸੀ। ਇਸ ਵਿੱਚ ਬੰਗਲਾਦੇਸ਼ ਵਿੱਚ ਭਾਰਤ ਦੇ ਬੰਗਾਲ, ਤ੍ਰਿਪੁਰਾ ਅਤੇ ਅਸਾਮ ਦੇ ਹਿੱਸੇ ਦਿਖਾਏ ਗਏ ਸਨ। ਇਸ ਮਾਮਲੇ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ, ਸਾਨੂੰ ਪਤਾ ਲੱਗਾ ਹੈ ਕਿ ਉਸ ਪੋਸਟ ਨੂੰ ਹਟਾ ਦਿੱਤਾ ਗਿਆ ਹੈ, ਪਰ ਅਸੀਂ ਫਿਰ ਵੀ ਉਨ੍ਹਾਂ ਨੂੰ ਜਨਤਕ ਟਿੱਪਣੀਆਂ ਤੋਂ ਸਾਵਧਾਨ ਰਹਿਣ ਦੀ ਯਾਦ ਦਿਵਾਉਣਾ ਚਾਹੁੰਦੇ ਹਾਂ। ਅਜਿਹੀਆਂ ਟਿੱਪਣੀਆਂ ਦਰਸਾਉਂਦੀਆਂ ਹਨ ਕਿ ਜਨਤਕ ਟਿੱਪਣੀਆਂ ਕਰਨ ਵੇਲੇ ਤੁਹਾਨੂੰ ਵਧੇਰੇ ਜ਼ਿੰਮੇਵਾਰ ਹੋਣ ਦੀ ਲੋੜ ਹੈ।
ਭਾਰਤ ਸਰਕਾਰ ਦੇ ਬੁਲਾਰੇ ਜੈਸਵਾਲ ਨੇ ਇਹ ਵੀ ਕਿਹਾ ਕਿ ਭਾਰਤ ਨੇ ਵਾਰ-ਵਾਰ ਬੰਗਲਾਦੇਸ਼ ਦੀ ਜਨਤਾ ਅਤੇ ਅੰਤਰਿਮ ਸਰਕਾਰ ਨਾਲ ਸਬੰਧਾਂ ਨੂੰ ਅੱਗੇ ਵਧਾਉਣ ਵਿੱਚ ਦਿਲਚਸਪੀ ਦਿਖਾਈ ਹੈ। ਪਰ ਅਜਿਹੀਆਂ ਟਿੱਪਣੀਆਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਬੰਗਲਾਦੇਸ਼ ਵਿੱਚ ਹਿੰਸਾ ਦੀਆਂ ਘਟਨਾਵਾਂ ਬਾਰੇ ਬੁਲਾਰੇ ਜੈਸਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਬੰਗਲਾਦੇਸ਼ ਸਰਕਾਰ ਕੋਲ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਭਾਰਤ ਨੂੰ ਉਮੀਦ ਹੈ ਕਿ ਬੰਗਲਾਦੇਸ਼ ਸਰਕਾਰ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇਗੀ।