ਨਵੀਂ ਦਿੱਲੀ : ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਆਖਰੀ ਦਿਨ ਵੀ ਵਿਰੋਧੀ ਧਿਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਹਮਲਾ ਬੋਲਿਆ ਅਤੇ ਬੀ.ਆਰ. ਅੰਬੇਡਕਰ ਦਾ ਅਪਮਾਨ ਕਰਨ ਦਾ ਦੋਸ਼ ਲਾਉਂਦਿਆਂ ਹੰਗਾਮਾ ਖੜ੍ਹਾ ਕਰ ਦਿੱਤਾ। ਇਸ ਕਾਰਨ ਦੋਵੇਂ ਸਦਨ ਮੁਲਤਵੀ ਕਰ ਦਿੱਤੇ ਗਏ।
ਇੰਡੀਆ ਬਲਾਕ ਨੇ ਲੋਕ ਸਭਾ ਸਪੀਕਰ ਦੀ ਚਾਹ ਪਾਰਟੀ ਦਾ ਬਾਈਕਾਟ ਕੀਤਾ। ਵਿਰੋਧੀ ਧਿਰ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਸੰਸਦ ਮੈਂਬਰਾਂ ਵਿਰੁੱਧ ਐਫਆਈਆਰ ਦਰਜ ਹੋ ਰਹੀਆਂ ਹਨ ਅਤੇ ਉਨ੍ਹਾਂ ਨੂੰ ਸਦਨ ਵਿੱਚ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ, ਤਾਂ ਅਜਿਹੀ ਚਾਹ ਪਾਰਟੀ ਵਿੱਚ ਸ਼ਾਮਲ ਹੋਣ ਦਾ ਕੋਈ ਮਤਲਬ ਨਹੀਂ ਹੈ। ਸੰਸਦ ਦੇ ਉਪਰਲੇ ਸਦਨ ‘ਚ ਹੰਗਾਮੇ ਅਤੇ ਵਿਘਨ ‘ਤੇ ਚਿੰਤਾ ਜ਼ਾਹਰ ਕਰਦੇ ਹੋਏ, ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸ਼ੁੱਕਰਵਾਰ ਨੂੰ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਦੇਸ਼ ਦੀ ਲੋਕਤੰਤਰੀ ਵਿਰਾਸਤ ਮੰਗ ਕਰਦੀ ਹੈ ਕਿ ਉਹ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਸੰਸਦੀ ਗੱਲਬਾਤ ਦੀ ਪਵਿੱਤਰਤਾ ਨੂੰ ਬਹਾਲ ਕਰਨ।
ਸੈਸ਼ਨ ਦੌਰਾਨ ਘੱਟ ਚਰਚਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਅਸਲੀਅਤ ਪ੍ਰੇਸ਼ਾਨ ਕਰਨ ਵਾਲੀ ਹੈ ਕਿ ਇਸ ਸੈਸ਼ਨ ਦੌਰਾਨ ਸਿਰਫ਼ 40.03 ਫ਼ੀਸਦੀ ਕਾਰੋਬਾਰ ਹੀ ਹੋਇਆ। ਅੱਜ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਦੀ ਪ੍ਰਿਅੰਕਾ ਗਾਂਧੀ ਸਮੇਤ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵਿਜੇ ਚੌਕ ਤੋਂ ਸੰਸਦ ਤੱਕ ਰੋਸ ਮਾਰਚ ਕੱਢਿਆ। ਉਨ੍ਹਾਂ ਨੇ ਅੰਬੇਡਕਰ ਦਾ ਕਥਿਤ ਅਪਮਾਨ ਕਰਨ ਲਈ ਅਮਿਤ ਸ਼ਾਹ ਤੋਂ ਮੁਆਫੀ ਮੰਗਣ ਅਤੇ ਅਸਤੀਫੇ ਦੀ ਮੰਗ ਕੀਤੀ।