ਮਾਸਕੋ : ਰੂਸ ਜਲਦ ਤਾਲਿਬਾਨ ਨੂੰ ਅੱਤਵਾਦੀ ਸੂਚੀ ਤੋਂ ਕਢਵਾਉਣ ਦਾ ਫੈਸਲਾ ਕਰ ਸਕਦਾ ਹੈ। ਰੂਸੀ ਸੰਸਦ ਦੇ ਹੇਠਲੇ ਸਦਨ ਸਟੇਟ ਡੂਮਾ ਨੇ ਅਦਾਲਤਾਂ ਨੂੰ ਕਿਸੇ ਵੀ ਸੰਗਠਨ ਨੂੰ ਅੱਤਵਾਦੀ ਸਮੂਹਾਂ ਦੀ ਸੂਚੀ ਤੋਂ ਹਟਾਉਣ ਦੀ ਸ਼ਕਤੀ ਦੇਣ ਵਾਲਾ ਕਾਨੂੰਨ ਪਾਸ ਕੀਤਾ ਹੈ। ਇਸ ਕਾਨੂੰਨ ਦੇ ਪਾਸ ਹੋਣ ਨਾਲ ਰੂਸ ਲਈ ਹੁਣ ਅਫਗਾਨ ਤਾਲਿਬਾਨ ਅਤੇ ਸੀਰੀਆ ਦੇ ਬਾਗੀ ਸਮੂਹ ਹਯਾਤ ਤਹਿਰੀਰ ਅਲ-ਸ਼ਾਮ (ਐੱਚ.ਟੀ.ਐੱਸ.) ਨਾਲ ਕੂਟਨੀਤਕ ਸਬੰਧ ਸਥਾਪਤ ਕਰਨਾ ਆਸਾਨ ਹੋ ਜਾਵੇਗਾ।
ਮੰਗਲਵਾਰ ਨੂੰ ਪਾਸ ਕੀਤੇ ਗਏ ਇਸ ਕਾਨੂੰਨ ਮੁਤਾਬਕ ਜੇਕਰ ਕੋਈ ਸੰਗਠਨ ਅੱਤਵਾਦ ਨਾਲ ਜੁੜੀਆਂ ਗਤੀਵਿਧੀਆਂ ਨੂੰ ਰੋਕਦਾ ਹੈ ਤਾਂ ਉਸ ਨੂੰ ਇਸ ਸੂਚੀ ਤੋਂ ਹਟਾਇਆ ਜਾ ਸਕਦਾ ਹੈ। ਇਸ ਕਾਨੂੰਨ ਤਹਿਤ ਰੂਸ ਦਾ ਪ੍ਰੌਸੀਕਿਊਟਰ ਜਨਰਲ ਅਦਾਲਤ ਵਿੱਚ ਅਪੀਲ ਦਾਇਰ ਕਰ ਸਕਦਾ ਹੈ। ਇਸ ਅਪੀਲ ‘ਚ ਦੱਸਿਆ ਜਾਵੇਗਾ ਕਿ ਕਿਸੇ ਪਾਬੰਦੀਸ਼ੁਦਾ ਸੰਗਠਨ ਨੇ ਅੱਤਵਾਦੀ ਗਤੀਵਿਧੀਆਂ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਬਾਅਦ ਜੇਕਰ ਜੱਜ ਚਾਹੁਣ ਤਾਂ ਉਸ ਸੰਗਠਨ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ ਤੋਂ ਹਟਾਉਣ ਦਾ ਫੈਸਲਾ ਲੈ ਸਕਦਾ ਹੈ।
ਰੂਸ ਨੇ 2003 ਵਿੱਚ ਤਾਲਿਬਾਨ ਅਤੇ 2020 ਵਿੱਚ ਐਚਟੀਐਸ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਪੁਤਿਨ ਨੇ ਤਾਲਿਬਾਨ ਨੂੰ ਅੱਤਵਾਦ ਨਾਲ ਲੜਨ ਵਿਚ ਸਹਿਯੋਗੀ ਕਿਹਾ ਸੀ, ਤਾਲਿਬਾਨ ਨੇ ਅਗਸਤ 2021 ਵਿਚ ਅਫਗਾਨਿਸਤਾਨ ਵਿਚ ਸੱਤਾ ‘ਤੇ ਕਬਜ਼ਾ ਕਰ ਲਿਆ ਸੀ। ਜਿਸ ਤੋਂ ਬਾਅਦ ਅਜੇ ਤੱਕ ਕਿਸੇ ਵੀ ਦੇਸ਼ ਨੇ ਤਾਲਿਬਾਨ ਸਰਕਾਰ ਨੂੰ ਰਸਮੀ ਮਾਨਤਾ ਨਹੀਂ ਦਿੱਤੀ ਹੈ।