ਢਾਕਾ : ਗੌਤਮ ਅਡਾਨੀ ਦੀਆਂ ਮੁਸ਼ਕਿਲਾਂ ਘਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਮਰੀਕਾ ‘ਚ ਰਿਸ਼ਵਤਖੋਰੀ ਦੇ ਦੋਸ਼ਾਂ ‘ਚ ਘਿਰੇ ਅਡਾਨੀ ਗਰੁੱਪ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਪਾਵਰ ‘ਤੇ ਅਰਬਾਂ ਡਾਲਰ ਦੇ ਬਿਜਲੀ ਸਮਝੌਤਿਆਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ।
ਰਾਇਟਰਜ਼ ਨੇ ਵੀਰਵਾਰ ਨੂੰ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਕਿ ਇਸ ਸਮਝੌਤੇ ਤਹਿਤ ਜਿਸ ਪਾਵਰ ਪਲਾਂਟ ਲਈ ਇਹ ਸੌਦਾ ਹੋਇਆ ਹੈ, ਉਸ ਨੂੰ ਭਾਰਤ ਸਰਕਾਰ ਤੋਂ ਟੈਕਸ ਲਾਭ ਮਿਲ ਰਿਹਾ ਹੈ। ਅਡਾਨੀ ਪਾਵਰ ਇਸ ਲਾਭ ਨੂੰ ਬੰਗਲਾਦੇਸ਼ ਨੂੰ ਤਬਦੀਲ ਨਹੀਂ ਕਰ
ਰਿਹਾ ਹੈ। ਬੰਗਲਾਦੇਸ਼ ਦੀ ਸ਼ੇਖ ਹਸੀਨਾ ਸਰਕਾਰ ਨੇ ਬਿਜਲੀ ਦੀ ਖਰੀਦ ਲਈ 2017 ਵਿੱਚ ਅਡਾਨੀ ਪਾਵਰ ਨਾਲ ਸਮਝੌਤਾ ਕੀਤਾ ਸੀ। ਇਸ ਸਮਝੌਤੇ ਤਹਿਤ ਅਡਾਨੀ ਪਾਵਰ ਝਾਰਖੰਡ ਸਥਿਤ ਆਪਣੇ ਪਾਵਰ ਪਲਾਂਟ ਤੋਂ ਬੰਗਲਾਦੇਸ਼ ਨੂੰ ਬਿਜਲੀ ਸਪਲਾਈ ਕਰ ਰਹੀ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਬੰਗਲਾਦੇਸ਼ ਇਸ ਸਮਝੌਤੇ ‘ਤੇ ਮੁੜ ਗੱਲਬਾਤ ਕਰਨਾ ਚਾਹੁੰਦਾ ਹੈ।
ਰਿਪੋਰਟ ਮੁਤਾਬਕ ਇਸ ਪਲਾਂਟ ਤੋਂ ਮਿਲਣ ਵਾਲੀ ਬਿਜਲੀ ਦੂਜੇ ਪਲਾਂਟਾਂ ਦੇ ਮੁਕਾਬਲੇ ਮਹਿੰਗੀ ਹੈ। ਰਾਇਟਰਜ਼ ਨੇ ਆਪਣੀ ਰਿਪੋਰਟ ‘ਚ ਸੌਦੇ ਨਾਲ ਜੁੜੇ ਦਸਤਾਵੇਜ਼ਾਂ ਅਤੇ 7 ਅਧਿਕਾਰੀਆਂ ਦੇ ਇੰਟਰਵਿਊ ਦਾ ਹਵਾਲਾ ਦਿੱਤਾ ਹੈ। 2019 ਵਿੱਚ, ਭਾਰਤ ਸਰਕਾਰ ਨੇ ਅਡਾਨੀ ਦੇ ਇਸ ਪਾਵਰ ਪਲਾਂਟ ਨੂੰ ਵਿਸ਼ੇਸ਼ ਆਰਥਿਕ ਖੇਤਰ (EEZ) ਦਾ ਹਿੱਸਾ ਘੋਸ਼ਿਤ ਕੀਤਾ ਸੀ। ਇਸ ਤੋਂ ਬਾਅਦ ਇਸ ਪਲਾਂਟ ਨੂੰ ਆਮਦਨ ਕਰ ਸਮੇਤ ਕਈ ਹੋਰ ਟੈਕਸਾਂ ਵਿੱਚ ਛੋਟ ਦਾ ਲਾਭ ਮਿਲਿਆ। ਸਮਝੌਤੇ ਮੁਤਾਬਕ ਇਹ ਜਾਣਕਾਰੀ ਬੰਗਲਾਦੇਸ਼ ਨੂੰ ਦਿੱਤੀ ਜਾਣੀ ਸੀ ਅਤੇ ਟੈਕਸ ਛੋਟ ਦਾ ਲਾਭ ਬੰਗਲਾਦੇਸ਼ ਨੂੰ ਦਿੱਤਾ ਜਾਣਾ ਸੀ, ਪਰ ਅਡਾਨੀ ਨੇ ਅਜਿਹਾ ਨਹੀਂ ਕੀਤਾ।