ਰੂਸ : ਮੌਜੂਦਾ ਸਮੇਂ ‘ਚ ਭਾਰਤੀ ਪਾਸਪੋਰਟ ਧਾਰਕ 62 ਦੇਸ਼ਾਂ ਦੀ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦੇ ਹਨ ਅਤੇ ਹੁਣ ਇਸ ਸੂਚੀ ‘ਚ ਰੂਸ ਦਾ ਨਾਂ ਵੀ ਜੁੜ ਸਕਦਾ ਹੈ। ਰਿਪੋਰਟਾਂ ਦੇ ਅਨੁਸਾਰ, ਇਹ ਸਹੂਲਤ ਬਸੰਤ 2025 ਤੱਕ ਲਾਗੂ ਹੋ ਸਕਦੀ ਹੈ। ਰੂਸ ਨੇ ਅਗਸਤ 2023 ਤੋਂ ਭਾਰਤੀ ਯਾਤਰੀਆਂ ਲਈ ਈ-ਵੀਜ਼ਾ ਸਹੂਲਤ ਦੀ ਸ਼ੁਰੂਆਤ ਕੀਤੀ, ਜਿਸਦੀ ਪ੍ਰਕਿਰਿਆ ਆਮ ਤੌਰ ‘ਤੇ ਚਾਰ ਦਿਨਾਂ ਵਿੱਚ ਹੁੰਦੀ ਹੈ। ਹੁਣ ਵੀਜ਼ਾ ਮੁਕਤ ਯਾਤਰਾ ਦੀ ਇਹ ਨਵੀਂ ਪ੍ਰਣਾਲੀ ਭਾਰਤ ਅਤੇ ਰੂਸ ਵਿਚਾਲੇ ਸੈਰ-ਸਪਾਟਾ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ।
ਰੂਸ ਦੇ ਆਰਥਿਕ ਵਿਕਾਸ ਮੰਤਰਾਲੇ ਦੀ ਨਿਰਦੇਸ਼ਕ ਨਿਕਿਤਾ ਕੋਂਦ੍ਰਤਯੇਵ ਨੇ ਮਈ ਵਿੱਚ ਕਿਹਾ ਸੀ ਕਿ ‘ਭਾਰਤ ਆਪਣੇ ਅੰਦਰੂਨੀ ਰਾਜ ਤਾਲਮੇਲ ਦੇ ਅੰਤਮ ਪੜਾਅ ‘ਤੇ ਹੈ।’ ਜੂਨ 2023 ਵਿੱਚ, ਭਾਰਤ ਅਤੇ ਰੂਸ ਨੇ ਵੀਜ਼ਾ ਪਾਬੰਦੀਆਂ ਨੂੰ ਸੌਖਾ ਬਣਾਉਣ ਅਤੇ ਸਮੂਹ ਟੂਰਿਸਟ ਐਕਸਚੇਂਜ ਨੂੰ ਵੀਜ਼ਾ ਮੁਕਤ ਬਣਾਉਣ ਲਈ ਗੱਲਬਾਤ ਸ਼ੁਰੂ ਕੀਤੀ। ਰੂਸ ਅਤੇ ਭਾਰਤ ਨੇ ਇਸ ਸਾਲ ਦੇ ਅੰਤ ਤੱਕ ਦੁਵੱਲੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਟੀਚਾ ਰੱਖਿਆ ਹੈ। ਰੂਸ ਨੇ 2023 ਵਿੱਚ ਭਾਰਤੀ ਯਾਤਰੀਆਂ ਨੂੰ 9,500 ਈ-ਵੀਜ਼ੇ ਜਾਰੀ ਕੀਤੇ, ਜੋ ਕੁੱਲ ਈ-ਵੀਜ਼ਿਆਂ ਦਾ 6% ਬਣਦਾ ਹੈ। ਇਸਨੇ ਭਾਰਤ ਨੂੰ ਰੂਸ ਲਈ ਆਸਾਨ ਯਾਤਰਾ ਸੁਵਿਧਾਵਾਂ ਵਾਲੇ ਚੋਟੀ ਦੇ ਪੰਜ ਦੇਸ਼ਾਂ ਵਿੱਚ ਰੱਖਿਆ।
ਮਾਸਕੋ ਸਿਟੀ ਟੂਰਿਜ਼ਮ ਕਮੇਟੀ ਦੇ ਚੇਅਰਮੈਨ ਇਵਗੇਨੀ ਕੋਜ਼ਲੋਵ ਮੁਤਾਬਕ 2024 ਦੀ ਪਹਿਲੀ ਛਿਮਾਹੀ ‘ਚ 28,500 ਭਾਰਤੀ ਸੈਲਾਨੀ ਮਾਸਕੋ ਪਹੁੰਚੇ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 1.5 ਗੁਣਾ ਜ਼ਿਆਦਾ ਹੈ। 2023 ਵਿੱਚ 60,000 ਤੋਂ ਵੱਧ ਭਾਰਤੀਆਂ ਨੇ ਮਾਸਕੋ ਦਾ ਦੌਰਾ ਕੀਤਾ, ਜੋ ਕਿ 2022 ਦੇ ਮੁਕਾਬਲੇ 26% ਵੱਧ ਸੀ। ਜ਼ਿਆਦਾਤਰ ਭਾਰਤੀ ਵਪਾਰ ਜਾਂ ਕੰਮ ਲਈ ਰੂਸ ਜਾਂਦੇ ਹਨ। 2024 ਦੀ ਪਹਿਲੀ ਤਿਮਾਹੀ ਵਿੱਚ, ਭਾਰਤ ਗੈਰ-ਸੀ.ਆਈ.ਐਸ ਦੇਸ਼ਾਂ ਵਿੱਚ ਵਪਾਰਕ ਸੈਲਾਨੀਆਂ ਦੇ ਮਾਮਲੇ ਵਿੱਚ ਤੀਜੇ ਸਥਾਨ ‘ਤੇ ਹੈ। ਮਾਸਕੋ ਦੇ ਅਧਿਕਾਰੀਆਂ ਨੇ ਭਾਰਤ ਨੂੰ ਇੱਕ ਮਹੱਤਵਪੂਰਨ ਬਾਜ਼ਾਰ ਵਜੋਂ ਤਰਜੀਹ ਦਿੱਤੀ ਹੈ, ਕਿਉਂਕਿ ਦੋਵਾਂ ਦੇਸ਼ਾਂ ਦੇ ਲੰਬੇ ਸਮੇਂ ਤੋਂ ਮਜ਼ਬੂਤ ਅਤੇ ਭਰੋਸੇਮੰਦ ਸਬੰਧ ਰਹੇ ਹਨ।