ਤਰਨਤਾਰਨ : ਭਾਰਤ-ਪਾਕਿਸਤਾਨ ਸਰਹੱਦ ਨੇੜੇ ਖੇਤਾਂ ਵਿੱਚ ਡਿੱਗੀ 486 ਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕਰਕੇ ਥਾਣਾ ਖਾਲੜਾ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਡੀ.ਐਸ.ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਅਭਿਮਨਿਊ ਰਾਣਾ ਵੱਲੋਂ ਜਾਰੀ ਸਖ਼ਤ ਹੁਕਮਾਂ ਕਾਰਨ ਅਤੇ ਐੱਸ.ਪੀ. ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਦੀਆਂ ਹਦਾਇਤਾਂ ਤਹਿਤ ਸਰਹੱਦੀ ਖੇਤਰ ਵਿੱਚ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਜਲੰਧਰ ਸਿੰਘ ਪੁੱਤਰ ਸਰਦੂਲ ਸਿੰਘ ਦੇ ਖੇਤਾਂ ਵਿੱਚੋਂ ਪੁਲਿਸ ਅਤੇ ਬੀ.ਐਸ.ਐਫ. ਦੀ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਇਕ ਪੈਕਟ ਬਰਾਮਦ ਕੀਤਾ ਗਿਆ। ਇਸ ਦਾ ਵਜ਼ਨ 539 ਗ੍ਰਾਮ ਸੀ, ਜਿਸ ਦੀ ਤਲਾਸ਼ੀ ਦੌਰਾਨ 486 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਥਾਣਾ ਖਾਲੜਾ ‘ਚ ਅਣਪਛਾਤੇ ਤਸਕਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।