ਨਵੀਂ ਦਿੱਲੀ : ਨਿਰਭਯਾ ਕਾਂਡ ਨੇ ਮਾਨਵਤਾ ਨੂੰ ਸ਼ਰਮਸਾਰ ਕਰ ਦਿਤਾ ਸੀ। ਨਿਰਭਯਾ ਕਾਂਡ 16 ਦਸੰਬਰ 2012 ਦੀ ਰਾਤ ਨੂੰ ਦਿੱਲੀ ਵਿੱਚ ਵਾਪਰਿਆ ਸੀ। ਅੱਜ ਇਸ ਘਟਨਾ ਨੂੰ 12 ਸਾਲ ਪੂਰੇ ਹੋ ਰਹੇ ਹਨ। ਸੋਮਵਾਰ ਨੂੰ ਨਿਰਭਯਾ ਕਾਂਡ ਦੀ ਪੀੜਤਾ ਦੀ ਮਾਂ ਨੇ ਕਿਹਾ, ‘ਦੇਸ਼ ‘ਚ ਅਜੇ ਵੀ ਧੀਆਂ ਸੁਰੱਖਿਅਤ ਨਹੀਂ ਹਨ।’ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਦੀ ਰੋਕਥਾਮ ਬਾਰੇ ਪਹਿਲੀ ਰਾਸ਼ਟਰੀ ਕਾਨਫਰੰਸ ਵਿੱਚ ਸ਼ਿਰਕਤ ਕੀਤੀ ।
ਉਸ ਨੇ ਭਾਵੁਕ ਹੋ ਕੇ ਕਿਹਾ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦੀ ਹਾਂ ਕਿ 12 ਸਾਲ ਬਾਅਦ ਵੀ ਹਾਲਾਤ ਨਹੀਂ ਬਦਲੇ। ਦੇਸ਼ ਦੀਆਂ ਧੀਆਂ ਸੁਰੱਖਿਅਤ ਨਹੀਂ ਹਨ। ਜਦੋਂ ਮੈਂ ਆਪਣੀ ਧੀ ਲਈ ਇਨਸਾਫ਼ ਲੈਣ ਲਈ ਸੰਘਰਸ਼ ਕੀਤਾ, ਮੈਨੂੰ ਪਤਾ ਸੀ ਕਿ ਉਹ ਹੁਣ ਨਹੀਂ ਰਹੀ ਅਤੇ ਕਦੇ ਵਾਪਸ ਨਹੀਂ ਆਵੇਗੀ। ਪਰ ਮੈਨੂੰ ਉਸ ਦੇ ਬੋਲ ਯਾਦ ਹਨ ਕਿ ਦੋਸ਼ੀਆਂ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਦੀਆਂ ਧੀਆਂ ਦੀ ਰੱਖਿਆ ਨਾਲ ਜੁੜੇ ਕਈ ਪ੍ਰੋਗਰਾਮਾਂ ‘ਚ ਹਿੱਸਾ ਲਿਆ, ਪਰ ਸਭ ਕੁਝ ਵਿਅਰਥ ਗਿਆ। ਨਵੇਂ ਕਾਨੂੰਨਾਂ ਅਤੇ ਬਹੁਤ ਸਾਰੀਆਂ ਚਰਚਾਵਾਂ ਦੇ ਬਾਵਜੂਦ, ਸਥਿਤੀ ਅੱਜ ਵੀ ਨਹੀਂ ਬਦਲੀ ਹੈ।
ਆਸ਼ਾ ਦੇਵੀ ਨੇ ਕਿਹਾ- ਮੈਂ ਕੁਝ ਘਟਨਾਵਾਂ ਨੂੰ ਸਮਝ ਨਹੀਂ ਪਾ ਰਹੀ ਹਾਂ, ਜਿੱਥੇ ਮਾਂ-ਬਾਪ ਆਪਣੀ ਧੀ ਗੁਆ ਦਿੰਦੇ ਹਨ, ਪਰ ਮਾਮਲਾ ਅਦਾਲਤ ਤੱਕ ਨਹੀਂ ਪਹੁੰਚਦਾ। ਦੋਸ਼ੀ ਦੀ ਪਛਾਣ ਕਰਨ ਵਿੱਚ ਛੇ ਮਹੀਨੇ ਤੋਂ ਇੱਕ ਸਾਲ ਦਾ ਸਮਾਂ ਲੱਗ ਜਾਂਦਾ ਹੈ। ਫਿਰ ਅਸੀਂ ਇਹ ਉਮੀਦ ਕਿਵੇਂ ਕਰ ਸਕਦੇ ਹਾਂ ਕਿ ਸਾਡੀਆਂ ਧੀਆਂ ਸੁਰੱਖਿਅਤ ਰਹਿਣਗੀਆਂ ਅਤੇ ਜਿਨ੍ਹਾਂ ਮਾਪਿਆਂ ਨੇ ਆਪਣੀਆਂ ਧੀਆਂ ਗੁਆ ਦਿੱਤੀਆਂ ਹਨ, ਉਨ੍ਹਾਂ ਨੂੰ ਇਨਸਾਫ਼ ਮਿਲੇਗਾ।