ਵਾਸ਼ਿੰਗਟਨ : ਡੋਨਾਲਡ ਟਰੰਪ ਨੇ ਯੂਕਰੇਨ ਰੂਸ ਜੰਗ ਨੂੰ ਖਤਮ ਕਰਨ ਦੀ ਵਕਾਲਤ ਕੀਤੀ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਰੂਸ-ਯੂਕਰੇਨ ਨੂੰ ਜੰਗ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਜੰਗ ਨੂੰ ਰੋਕਣ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਗੱਲ ਕਰਨਗੇ।
ਮੀਡੀਆ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਜੰਗ ਨੂੰ ਰੋਕਣ ਲਈ ਜ਼ੇਲੇਨਸਕੀ ਨੂੰ ਪੁਤਿਨ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ। ਜੰਗ ਨੂੰ ਰੋਕਣ ਲਈ ਦੋਵਾਂ ਦੇਸ਼ਾਂ ਨੂੰ ਸਮਝੌਤਾ ਕਰਨਾ ਪਵੇਗਾ। ਹਾਲਾਂਕਿ, ਟਰੰਪ ਨੇ ਯੁੱਧ ਰੋਕਣ ਦੀ ਆਪਣੀ ਯੋਜਨਾ ਦਾ ਕੋਈ ਵੇਰਵਾ ਨਹੀਂ ਦਿੱਤਾ। ਟਰੰਪ ਨੇ ਕਿਹਾ ਕਿ ਯੁੱਧ ਕਾਰਨ ਜ਼ਿਆਦਾਤਰ ਵਿਵਾਦਿਤ ਇਲਾਕਾ ਮਲਬੇ ‘ਚ ਤਬਦੀਲ ਹੋ ਗਿਆ ਹੈ ਅਤੇ ਇਸ ਦੀ ਮੁਰੰਮਤ ‘ਚ 100 ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਕਈ ਸ਼ਹਿਰ ਅਜਿਹੇ ਹਨ, ਜਿੱਥੇ ਇਕ ਵੀ ਇਮਾਰਤ ਨਹੀਂ ਬਚੀ, ਸਭ ਕੁਝ ਤਬਾਹ ਹੋ ਗਿਆ ਹੈ।
ਟਰੰਪ ਨੇ ਕਿਹਾ ਕਿ ਰੂਸ-ਯੂਕਰੇਨ ਯੁੱਧ ਦੀਆਂ ਅਜਿਹੀਆਂ ਕਈ ਤਸਵੀਰਾਂ ਹਨ, ਜਿਨ੍ਹਾਂ ‘ਚ ਲਾਸ਼ਾਂ ਬੁਰੀ ਹਾਲਤ ‘ਚ ਪਈਆਂ ਹਨ। ਇਨ੍ਹਾਂ ਨੂੰ ਦੇਖ ਕੇ ਮੈਨੂੰ 1861-1865 ਤੱਕ ਚੱਲੀ ਅਮਰੀਕੀ ਘਰੇਲੂ ਜੰਗ ਦੀਆਂ ਭਿਆਨਕ ਤਸਵੀਰਾਂ ਯਾਦ ਆ ਜਾਂਦੀਆਂ ਹਨ। ਇਸ ਤੋਂ ਪਹਿਲਾਂ ਅਮਰੀਕੀ ਚੋਣਾਂ ਦੌਰਾਨ ਡੋਨਾਲਡ ਟਰੰਪ ਨੇ ਬਿਡੇਨ ਪ੍ਰਸ਼ਾਸਨ ਵੱਲੋਂ ਯੂਕਰੇਨ ਨੂੰ ਦਿੱਤੀ ਗਈ ਅਰਬਾਂ ਡਾਲਰ ਦੀ ਮਦਦ ‘ਤੇ ਸਵਾਲ ਖੜ੍ਹੇ ਕੀਤੇ ਸਨ। ਪਿਛਲੇ ਹਫ਼ਤੇ ਟਾਈਮ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿੱਚ ਟਰੰਪ ਨੇ ਇਹ ਵੀ ਕਿਹਾ ਸੀ ਕਿ ਉਹ ਰੂਸ-ਯੂਕਰੇਨ ਜੰਗ ਨੂੰ ਜਲਦੀ ਤੋਂ ਜਲਦੀ ਰੋਕਣਾ ਚਾਹੁੰਦੇ ਹਨ।