ਨਵੀਂ ਦਿੱਲੀ : ਸੰਸਦ ਵਿਚ ਅੱਜ ਨਿਰਮਲਾ ਸੀਤਾਰਮਨ ਨੇ ਕਾਂਗਰਸ ਪਾਰਟੀ ‘ਤੇ ਸਵਾਲ ਚੁਕੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਰਾਜ ਸਭਾ ‘ਚ ਸੰਵਿਧਾਨ ‘ਤੇ ਦੋ ਦਿਨਾਂ ਚਰਚਾ ਦੀ ਸ਼ੁਰੂਆਤ ਕੀਤੀ। ਵਿੱਤ ਮੰਤਰੀ ਨੇ ਕਿਹਾ ਕਾਂਗਰਸ ਪਾਰਟੀ ਪਰਿਵਾਰ ਅਤੇ ਵੰਸ਼ ਦੀ ਮਦਦ ਲਈ ਸੰਵਿਧਾਨ ਵਿੱਚ ਬੇਸ਼ਰਮੀ ਨਾਲ ਸੋਧ ਕਰਦੀ ਰਹੀ।
ਇਹ ਸੋਧਾਂ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਨਹੀਂ ਸਨ, ਸਗੋਂ ਸੱਤਾ ਵਿੱਚ ਬੈਠੇ ਲੋਕਾਂ ਦੀ ਸੁਰੱਖਿਆ ਲਈ ਸਨ। ਇਹ ਪ੍ਰਕਿਰਿਆ ਇੱਕ ਪਰਿਵਾਰ ਨੂੰ ਮਜ਼ਬੂਤ ਕਰਨ ਲਈ ਵਰਤੀ ਜਾਂਦੀ ਸੀ। ਮਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਪ੍ਰਧਾਨ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸੰਵਿਧਾਨ ‘ਤੇ ਚਰਚਾ ਦੀ ਮੰਗ ਕੀਤੀ ਸੀ। 13 ਅਤੇ 14 ਦਸੰਬਰ ਨੂੰ ਲੋਕ ਸਭਾ ‘ਚ ਸੰਵਿਧਾਨ ‘ਤੇ ਵਿਸ਼ੇਸ਼ ਚਰਚਾ ਹੋਈ।
ਪੀਐੱਮ ਮੋਦੀ ਨੇ ਸ਼ਨੀਵਾਰ ਨੂੰ ਲੋਕ ਸਭਾ ‘ਚ ਸੰਵਿਧਾਨ ‘ਤੇ ਚਰਚਾ ਦੌਰਾਨ ਵਿਸ਼ੇਸ਼ ਚਰਚਾ ‘ਚ ਹਿੱਸਾ ਲਿਆ ਸੀ। ਇਸ ਦੌਰਾਨ ਉਨ੍ਹਾਂ ਸਦਨ ਵਿੱਚ 11 ਮਤੇ ਰੱਖੇ ਸਨ। ਇਸ ਦੇ ਨਾਲ ਹੀ ਸੋਮਵਾਰ ਨੂੰ ਲੋਕ ਸਭਾ ‘ਚ ਇਕ ਦੇਸ਼, ਇਕ ਚੋਣ ਨੂੰ ਲੈ ਕੇ ਬਿੱਲ ਪੇਸ਼ ਨਹੀਂ ਕੀਤਾ ਗਿਆ। ਇਸਨੂੰ ਐਤਵਾਰ ਨੂੰ ਲੋਕ ਸਭਾ ਦੀ ਸੰਸ਼ੋਧਿਤ ਕਾਰੋਬਾਰੀ ਸੂਚੀ (ਏਜੰਡਾ) ਤੋਂ ਹਟਾ ਦਿੱਤਾ ਗਿਆ। ਇਸ ਤੋਂ ਪਹਿਲਾਂ 13 ਦਸੰਬਰ ਨੂੰ ਜਾਰੀ ਕੀਤੀ ਗਈ ਸੂਚੀ ਵਿੱਚ ਇੱਕ ਦੇਸ਼, ਇੱਕ ਚੋਣ ਨਾਲ ਸਬੰਧਤ ਦੋ ਬਿੱਲਾਂ ਨੂੰ ਪੇਸ਼ ਕਰਨ ਦੀ ਜਾਣਕਾਰੀ ਦਿੱਤੀ ਗਈ ਸੀ। ਹੁਣ ਇਹ ਬਿੱਲ ਮੰਗਲਵਾਰ ਨੂੰ ਪੇਸ਼ ਕੀਤਾ ਜਾ ਸਕਦਾ ਹੈ।