ਨਵੀਂ ਦਿੱਲੀ : ਭਾਰਤ ਅਤੇ ਕੈਨੇਡਾ ਵਿਚਾਲੇ ਤਲਖੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕੈਨੇਡੀਅਨ ਮੀਡੀਆ ‘ਤੇ ਭਾਰਤ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕੈਨੇਡੀਅਨ ਮੀਡੀਆ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਨੇ ਕੁਝ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਨਹੀਂ ਦਿੱਤਾ ਹੈ।
ਦਰਅਸਲ, ਹਾਲ ਹੀ ਵਿਚ ਕੈਨੇਡੀਅਨ ਮੀਡੀਆ ਨੇ ਕੁਝ ਖਬਰਾਂ ਪ੍ਰਕਾਸ਼ਿਤ ਕੀਤੀਆਂ ਸਨ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਭਾਰਤ ਵੀਜ਼ਾ ਨੀਤੀ ਦੀ ਦੁਰਵਰਤੋਂ ਕਰਕੇ ਕੈਨੇਡਾ ਦੇ ਮਾਮਲਿਆਂ ਵਿਚ ਦਖਲ ਦੇ ਰਿਹਾ ਹੈ। ਭਾਰਤ ਨੇ ਖਾਲਿਸਤਾਨੀ ਏਜੰਡੇ ਨੂੰ ਸਮਰਥਨ ਦੇਣ ਕਾਰਨ ਵਾਲੇ ਕਈ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ।
ਕੈਨੇਡੀਅਨ ਮੀਡੀਆ ਨੇ ਕਿਹਾ ਕਿ ਭਾਰਤ ਸਰਕਾਰ ਵੀਜ਼ਾ ਨੀਤੀ ਦੀ ਵਰਤੋਂ ਕਰਕੇ ਉਨ੍ਹਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰ ਰਹੀ ਹੈ। ਇਸ ‘ਤੇ ਭਾਰਤ ਨੇ ਕੈਨੇਡੀਅਨ ਮੀਡੀਆ ‘ਤੇ ਗਲਤ ਜਾਣਕਾਰੀ ਦੇ ਕੇ ਦੇਸ਼ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣ ਦਾ ਦੋਸ਼ ਵੀ ਲਗਾਇਆ। ਜੈਸਵਾਲ ਨੇ ਕਿਹਾ, ”ਅਸੀਂ ਕੈਨੇਡਾ ਦੇ ਮਾਮਲਿਆਂ ‘ਚ ਦਖਲ ਨਹੀਂ ਦੇ ਰਹੇ, ਪਰ ਉਹ ਸਾਡੇ ਮਾਮਲਿਆਂ ‘ਚ ਦਖਲ ਦੇ ਰਹੇ ਹਨ।” ਜੈਸਵਾਲ ਨੇ ਕਿਹਾ ਇਹ ਸਾਡਾ ਪ੍ਰਭੂਸੱਤਾ ਦਾ ਅਧਿਕਾਰ ਹੈ ਕਿ ਅਸੀਂ ਕਿਸ ਨੂੰ ਵੀਜ਼ਾ ਦਿੰਦੇ ਹਾਂ ਜਾਂ ਨਹੀਂ। ਕੈਨੇਡੀਅਨ ਮੀਡੀਆ ਗਲਤ ਖਬਰਾਂ ਰਾਹੀਂ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।