ਨਵੀਂ ਦਿੱਲੀ : ਨਿਤਿਨ ਗਡਕਰੀ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਹਾਲ ਹੀ ਵਿੱਚ ਭਾਰਤ ਦੇ ਚੋਟੀ ਦੇ 4 ਰਾਜਾਂ ਦਾ ਖੁਲਾਸਾ ਕੀਤਾ ਹੈ, ਜਿੱਥੇ ਸੜਕ ਹਾਦਸੇ ਸਭ ਤੋਂ ਵੱਧ ਹੁੰਦੇ ਹਨ। ਸ਼ੁੱਕਰਵਾਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਬੋਲਦਿਆਂ ਗਡਕਰੀ ਨੇ ਕਿਹਾ ਕਿ ਹਰ ਸਾਲ ਸੜਕ ਹਾਦਸਿਆਂ ਵਿੱਚ 1,78,000 ਲੋਕ ਮਾਰੇ ਜਾਂਦੇ ਹਨ ਅਤੇ ਇਨ੍ਹਾਂ ਵਿੱਚੋਂ 60 ਫੀਸਦੀ ਪੀੜਤ 18-34 ਸਾਲ ਦੀ ਉਮਰ ਦੇ ਹੁੰਦੇ ਹਨ।
ਮੰਤਰੀ ਨੇ ਉਜਾਗਰ ਕੀਤਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ 2024 ਦੇ ਅੰਤ ਤੱਕ ਹਾਦਸਿਆਂ ਅਤੇ ਮੌਤਾਂ ਵਿੱਚ 50 ਪ੍ਰਤੀਸ਼ਤ ਕਮੀ ਆਵੇਗੀ। ਗਡਕਰੀ ਨੇ ਕਿਹਾ, “ਹਾਦਸਿਆਂ ਦੀ ਗਿਣਤੀ ਵਿੱਚ ਕਮੀ ਨੂੰ ਭੁੱਲ ਜਾਓ, ਮੈਨੂੰ ਇਹ ਸਵੀਕਾਰ ਕਰਨ ਵਿੱਚ ਕੋਈ ਝਿਜਕ ਨਹੀਂ ਹੈ ਕਿ ਵਾਧਾ ਹੋਇਆ ਹੈ। ਇਹ ਇੱਕ ਅਜਿਹਾ ਖੇਤਰ ਹੈ ਜਿੱਥੇ ਸਾਡੇ ਵਿਭਾਗ ਨੇ ਸਫਲਤਾ ਹਾਸਲ ਨਹੀਂ ਕੀਤੀ ਹੈ।”
ਨਿਤਿਨ ਗਡਕਰੀ ਨੇ ਸਭ ਤੋਂ ਵੱਧ ਸੜਕ ਦੁਰਘਟਨਾਵਾਂ ਵਾਲੇ ਚੋਟੀ ਦੇ ਭਾਰਤੀ ਰਾਜਾਂ ਦਾ ਖੁਲਾਸਾ ਕੀਤਾ : ਇਨ੍ਹਾਂ ਵਿਚ ਉੱਤਰਪ੍ਰਦੇਸ਼:23,652 , ਤਾਮਿਲਨਾਡੂ: 18,347, ਮਹਾਰਾਸ਼ਟਰ: 15,366, ਮੱਧ ਪ੍ਰਦੇਸ਼: 13,798 ਸ਼ਾਮਲ ਹੈ। ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਕਿਹਾ ਕਿ ਦਿੱਲੀ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਹੈ, ਜਿੱਥੇ ਸੜਕ ਦੁਰਘਟਨਾਵਾਂ ਕਾਰਨ 1,457 ਤੋਂ ਵੱਧ ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਬੈਂਗਲੁਰੂ ਵਿੱਚ 915 ਅਤੇ ਜੈਪੁਰ ਵਿੱਚ 850 ਮੌਤਾਂ ਹੋਈਆਂ ਹਨ।
ਗਡਕਰੀ ਨੇ ਅਸੰਤੁਸ਼ਟੀ ਜ਼ਾਹਰ ਕੀਤੀ ਕਿ ਸੜਕ ਹਾਦਸਿਆਂ ਵਿੱਚ ਇੰਨੇ ਲੋਕਾਂ ਦੀ ਮੌਤ ਹੋਣ ਦੇ ਬਾਵਜੂਦ ਕਾਨੂੰਨ ਦਾ ਕੋਈ ਡਰ ਨਹੀਂ ਹੈ। ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਨੇ ਇਸ ਅਜੀਬੋ-ਗਰੀਬ ਸਥਿਤੀ ਦਾ ਵਰਣਨ ਕਰਦਿਆਂ ਕਿਹਾ, “ਕੁਝ ਲੋਕ ਹੈਲਮੇਟ ਨਹੀਂ ਪਾਉਂਦੇ ਹਨ, ਕੁਝ ਲੋਕ ਲਾਲ ਸਿਗਨਲ ਦੀ ਉਲੰਘਣਾ ਕਰਦੇ ਹਨ।” ਕੇਂਦਰੀ ਮੰਤਰੀ ਨੇ ਕਿਹਾ ਕਿ ਸੜਕ ‘ਤੇ ਟਰੱਕਾਂ ਦੀ ਪਾਰਕਿੰਗ ਹਾਦਸਿਆਂ ਦਾ ਵੱਡਾ ਕਾਰਨ ਹੈ ਅਤੇ ਕਈ ਟਰੱਕ ਲੇਨ ਅਨੁਸ਼ਾਸਨ ਦੀ ਪਾਲਣਾ ਨਹੀਂ ਕਰਦੇ ਹਨ, ਜੋ ਸੜਕ ਹਾਦਸਿਆਂ ਦਾ ਮੁੱਖ ਕਾਰਨ ਹੈ।