ਚੰਡੀਗੜ੍ਹ : ਦਿਲਜੀਤ ਦੁਸਾਂਝ ਦਾ ਅੱਜ ਚੰਡੀਗੜ੍ਹ ਵਿਚ ਸ਼ੋਅ ਹੈ ਅਤੇ ਇਸ ਸ਼ੋਅ ਵਿਚ ਭਾਰੀ ਇਕੱਠ ਹੋਣ ਦੀ ਉਮੀਦ ਹੈ। ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਦਿਲ-ਲੁਮੀਨੇਟੀ ਟੂਰ ਦਾ 14 ਦਸੰਬਰ ਦਿਨ ਸ਼ਨੀਵਾਰ ਨੂੰ ਚੰਡੀਗੜ੍ਹ ‘ਚ ਇਕ ਸਮਾਰੋਹ ਹੋਵੇਗਾ।
ਇਸ ਕੰਸਰਟ ਨੂੰ ਰੱਦ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਦੀ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਸਮਾਰੋਹ ‘ਤੇ 3 ਸ਼ਰਤਾਂ ਲਗਾਈਆਂ ਹਨ। ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਸੰਗੀਤ ਸਮਾਰੋਹ ਰਾਤ 10 ਵਜੇ ਤੱਕ ਹੀ ਹੋਵੇਗਾ।
ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਦਾ ਧਿਆਨ ਰੱਖਣਾ ਹੋਵੇਗਾ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋ ਰਹੇ ਇਸ ਸੰਗੀਤ ਸਮਾਰੋਹ ਵਿੱਚ ਆਵਾਜ਼ 75 ਡੈਸੀਬਲ (ਡੀਬੀ) ਤੋਂ ਉੱਪਰ ਨਹੀਂ ਜਾਣੀ ਚਾਹੀਦੀ।
ਦੱਸ ਦੇਈਏ ਕਿ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਚੰਡੀਗੜ੍ਹ ਵਿੱਚ ਹੋਣ ਵਾਲਾ ਸ਼ੋਅ ਰੱਦ ਕਰਨ ਦੀ ਮੰਗ ਸੈਕਟਰ-23 ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਕੀਤੀ ਸੀ।
ਉਨ੍ਹਾਂ ਨੇ ਵੀਰਵਾਰ ਨੂੰ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਦਿਲਜੀਤ ਦੇ ਸ਼ੋਅ ਨਾਲ ਸ਼ਹਿਰ ‘ਚ ਟ੍ਰੈਫਿਕ ਵਿਵਸਥਾ ‘ਚ ਵਿਘਨ ਪਵੇਗਾ। ਪ੍ਰਸ਼ਾਸਨ ਦੇ ਵਕੀਲ ਨੇ ਇਸ ਦਾ ਜਵਾਬ ਦਿੱਤਾ। ਸੁਣਵਾਈ ਦੌਰਾਨ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਸਮਾਗਮ ਸਟੇਡੀਅਮ ਵਿੱਚ ਹੀ ਹੋਣਾ ਚਾਹੀਦਾ ਸੀ। ਭਵਿੱਖ ਵਿੱਚ ਸੈਕਟਰ-34 ਵਰਗੇ ਖੁੱਲ੍ਹੇ ਖੇਤਰ ਵਿੱਚ ਅਜਿਹੇ ਸ਼ੋਅ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।