ਨਵੀਂ ਦਿੱਲੀ : ਅੱਜ ਪ੍ਰਿਅੰਕਾ ਗਾਂਧੀ ਨੇ ਸੰਸਦ ਵਿਚ ਆਪਣਾ ਪਹਿਲਾ ਭਾਸਣ ਦਿਤਾ। ਸ਼ੁੱਕਰਵਾਰ ਨੂੰ ਸੰਸਦ ‘ਚ ਸੰਵਿਧਾਨ ‘ਤੇ ਚਰਚਾ ਦੌਰਾਨ ਪ੍ਰਿਅੰਕਾ ਗਾਂਧੀ ਨੇ ਕਿਹਾ ਸੰਵਿਧਾਨ ਨੇ ਅੱਜ ਦੀ ਸਰਕਾਰ ਨੂੰ ਮਹਿਲਾ ਸ਼ਕਤੀ ਦੀ ਗੱਲ ਕਰਨ ਲਈ ਮਜ਼ਬੂਰ ਕੀਤਾ ਹੈ। ਕੇਂਦਰ ਸਰਕਾਰ ਨਾਰੀ ਸ਼ਕਤੀ ਐਕਟ ਬਿੱਲ ਨੂੰ ਲਾਗੂ ਕਿਉਂ ਨਹੀਂ ਕਰਦੀ? ਕੀ ਅੱਜ ਦੀ ਔਰਤ 10 ਸਾਲ ਇੰਤਜ਼ਾਰ ਕਰੇਗੀ।
ਪ੍ਰਿਅੰਕਾ ਨੇ ਕੇਂਦਰ ਸਰਕਾਰ ਨੂੰ ਕਿਹਾ ਤੁਸੀਂ ਪੰਡਿਤ ਨਹਿਰੂ ਦਾ ਨਾਂ ਨਹੀਂ ਲੈਂਦੇ। ਜਿੱਥੇ ਲੋੜ ਹੁੰਦੀ ਹੈ, ਉਥੇ ਜ਼ਰੂਰ ਲੈਂਦੇ ਹੋ। ਸੱਤਾਧਾਰੀ ਪਾਰਟੀ ਦੇ ਦੋਸਤ ਬੀਤੇ ਸਮੇਂ ਦੀਆਂ ਗੱਲਾਂ ਕਰਦੇ ਹਨ। 1921 ਵਿੱਚ ਕੀ ਹੋਇਆ, ਨਹਿਰੂ ਨੇ ਕੀ ਕੀਤਾ। ਪ੍ਰਿਅੰਕਾ ਨੇ ਕਿਹਾ ਕਿ ਵਰਤਮਾਨ ਦੀ ਗੱਲ ਕਰੋ, ਦੇਸ਼ ਨੂੰ ਦੱਸੋ ਕਿ ਤੁਸੀਂ ਕੀ ਕਰ ਰਹੇ ਹੋ। ਤੁਹਾਡੀ ਜ਼ਿੰਮੇਵਾਰੀ ਕੀ ਹੈ, ਕੀ ਸਾਰੀ ਜ਼ਿੰਮੇਵਾਰੀ ਨਹਿਰੂ ਜੀ ਦੀ ਹੈ।
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇੰਦਰਾ ਜੀ ਨੇ ਬੈਂਕਾਂ ਅਤੇ ਖਾਣਾਂ ਦਾ ਰਾਸ਼ਟਰੀਕਰਨ ਕੀਤਾ। ਸਿੱਖਿਆ ਅਤੇ ਭੋਜਨ ਦਾ ਅਧਿਕਾਰ ਕਾਂਗਰਸ ਸਰਕਾਰਾਂ ਦੇ ਅਧੀਨ ਮਿਲਿਆ। ਜਨਤਾ ਦਾ ਭਰੋਸਾ ਹਾਸਲ ਕੀਤਾ। ਪਹਿਲਾਂ ਜਦੋਂ ਪਾਰਲੀਮੈਂਟ ਕੰਮ ਕਰਦੀ ਸੀ ਤਾਂ ਉਮੀਦ ਕੀਤੀ ਜਾਂਦੀ ਸੀ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ‘ਤੇ ਚਰਚਾ ਹੋਵੇਗੀ ਅਤੇ ਕੋਈ ਨਾ ਕੋਈ ਹੱਲ ਕੱਢਿਆ ਜਾਵੇਗਾ। ਜੇਕਰ ਕੋਈ ਨੀਤੀ ਬਣਾਈ ਜਾਂਦੀ ਹੈ ਤਾਂ ਉਹ ਦੇਸ਼ ਦੀ ਆਰਥਿਕਤਾ ਅਤੇ ਭਵਿੱਖ ਨੂੰ ਮਜ਼ਬੂਤ ਕਰਨ ਲਈ ਬਣਾਈ ਜਾਵੇਗੀ। ਅੱਜ ਤਾਂ ਸੰਸਦ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਹੈ।
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਦਨ ਵਿੱਚ ਸੰਵਿਧਾਨ ਦੀ ਕਿਤਾਬ ਆਪਣੇ ਮੱਥੇ ‘ਤੇ ਲਗਾਉਂਦੇ ਹਨ, ਪਰ ਜਦੋਂ ਸੰਭਲ, ਹਾਥਰਸ, ਮਨੀਪੁਰ ਵਿੱਚ ਇਨਸਾਫ਼ ਦਾ ਮੁੱਦਾ ਉਠਦਾ ਹੈ ਤਾਂ ਮੱਥੇ ‘ਤੇ ਝੁਰੜੀ ਵੀ ਨਹੀਂ ਪੈਂਦੀ। ਇੱਕ ਕਹਾਣੀ ਹੁੰਦੀ ਸੀ ਰਾਜਾ ਭੇਸ ਬਦਲ ਕੇ ਬਜ਼ਾਰ ਵਿੱਚ ਆਲੋਚਨਾ ਸੁਣਨ ਲਈ ਜਾਂਦਾ ਸੀ ਅਤੇ ਲੋਕ ਕੀ ਕਹਿ ਰਹੇ ਹਨ, ਕੀ ਮੈਂ ਸਹੀ ਰਸਤੇ ‘ਤੇ ਹਾਂ ਜਾਂ ਨਹੀਂ, ਇਹ ਜਾਣਕਾਰੀ ਹਾਸਲ ਕਰਦਾ ਸੀ। ਅੱਜ ਦੇ ਰਾਜੇ ਭੇਸ ਬਦਲਦੇ ਹਨ, ਇਸਦਾ ਉਨ੍ਹਾਂ ਨੂੰ ਸ਼ੌਕ ਹੈ। ਪਰ ਨਾ ਤਾਂ ਲੋਕਾਂ ਵਿੱਚ ਜਾਣ ਦੀ ਹਿੰਮਤ ਹੈ ਅਤੇ ਨਾ ਹੀ ਆਲੋਚਨਾ ਸੁਣਨ ਦੀ ਹਿੰਮਤ ਹੈ।