ਪੰਜਾਬ : ਪੰਜਾਬ ਨੈਸ਼ਨਲ ਬੈਂਕ (PNB) ਦੇ ਹਜ਼ਾਰਾਂ ਅਧਿਕਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਫੈਡਰੇਸ਼ਨ ਨੇ 26 ਅਤੇ 27 ਦਸੰਬਰ 2024 ਨੂੰ 2 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ ਦਾ ਉਦੇਸ਼ ਕੰਮ-ਜੀਵਨ ਸੰਤੁਲਨ, ਕਰਮਚਾਰੀਆਂ ਦੀ ਕਮੀ, ਰਾਸ਼ਟਰੀ ਪੈਨਸ਼ਨ ਯੋਜਨਾ (ਐੱਨ. ਪੀ. ਐੱਸ.), ਭੱਤਿਆਂ ‘ਤੇ ਟੈਕਸ ਅਤੇ ਸੰਗਠਨਾਂ ‘ਚ ਭੇਦਭਾਵ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ।
ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਫੈਡਰੇਸ਼ਨ ਨੇ ਪੀ.ਐਨ.ਬੀ. ਮੈਨੇਜਮੈਂਟ ਅਤੇ ਸਬੰਧਤ ਅਧਿਕਾਰੀਆਂ ’ਤੇ ਵਾਰ ਵਾਰ ਸੰਪਰਕ ਕਰਨ ’ਤੇ ਅਣਦੇਖੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਫੈਡਰੇਸ਼ਨ ਦੇ ਪੰਜਾਬ ਸੂਬਾ ਜਨਰਲ ਸਕੱਤਰ ਕਾਮਰੇਡ ਜਤਿੰਦਰ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਜਥੇਬੰਦੀ ਨੇ ਕੌਮੀ ਜਨਰਲ ਸਕੱਤਰ ਕਾਮਰੇਡ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ 2 ਰੋਜ਼ਾ ਕੌਮੀ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ।
ਕਾਮਰੇਡ ਮਲਹੋਤਰਾ ਨੇ ਇਹ ਵੀ ਕਿਹਾ ਕਿ ਬੈਂਕ ਨੂੰ ਦਰਪੇਸ਼ ਸਮੱਸਿਆਵਾਂ ਜਿਵੇਂ ਕਿ ‘ਉਡਾਨ’ ਵਰਗੇ ਡਿਜੀਟਲ ਸਾਧਨਾਂ ਰਾਹੀਂ ਅਫਸਰਾਂ ਦੇ ਤਬਾਦਲੇ ਅਤੇ ਲਾਭ ਪ੍ਰਬੰਧਨ ਅਤੇ ਕਾਰਗੁਜ਼ਾਰੀ ਮੁਲਾਂਕਣ ਵਿੱਚ ਵਿਤਕਰੇ ਦੀ ਪਛਾਣ ਕੀਤੀ ਗਈ ਹੈ।
26 ਅਤੇ 27 ਦਸੰਬਰ ਨੂੰ ਇਸ 2 ਦਿਨ ਦੀ ਹੜਤਾਲ ਕਾਰਨ ਦੇਸ਼ ਭਰ ਦੀਆਂ ਬੈਂਕਿੰਗ ਸੇਵਾਵਾਂ ‘ਤੇ ਵਿਆਪਕ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਫੈਡਰੇਸ਼ਨ ਨੇ ਸਰਕਾਰ ਅਤੇ ਪੀ.ਐਨ.ਬੀ. ਮੈਨੇਜਮੈਂਟ ਨੂੰ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ।
ਉਨ੍ਹਾਂ ਦੀਆਂ ਮੁੱਖ ਮੰਗਾਂ ਹੇਠ ਲਿਖੇ ਅਨੁਸਾਰ ਹਨ
* 5-ਦਿਨ ਬੈਂਕਿੰਗ ਹਫ਼ਤੇ ਨੂੰ ਲਾਗੂ ਕਰਨਾ, ਇਸ ਤਰ੍ਹਾਂ ਕੰਮ-ਜੀਵਨ ਸੰਤੁਲਨ ਬਣਾਉਣਾ।
* ਮਨੁੱਖੀ ਵਸੀਲਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਲੋੜੀਂਦੀ ਭਰਤੀ ਕੀਤੀ ਜਾਵੇ।
* ਐਨ.ਪੀ. ਐੱਸ. ਅਧੀਨ ਪੈਨਸ਼ਨ ਫੰਡ ਮੈਨੇਜਰ ਚੁਣਨ ਦੀ ਆਜ਼ਾਦੀ।
* ਬੈਂਕ ਦੁਆਰਾ ਭੱਤੇ ‘ਤੇ ਟੈਕਸ ਦਾ ਭੁਗਤਾਨ।
* 1 ਨਵੰਬਰ 2022 ਤੋਂ 31 ਦਸੰਬਰ 2023 ਤੱਕ ਦੀ ਮਿਆਦ ਲਈ ਡਾਕਟਰੀ ਸਹਾਇਤਾ।