ਨਵੀਂ ਦਿੱਲੀ : ਸੰਸਦ ਦਾ ਸਰਦ ਰੁੱਤ ਸੈਸ਼ਨ ਲਗਾਤਾਰ ਮੁਲਤਵੀ ਹੋ ਰਿਹਾ ਹੈ। ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ 11ਵਾਂ ਦਿਨ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਮੁੱਦੇ ਜੋ ਵੀ ਹੋਣ, ਅਸੀਂ ਸਦਨ ਦੀ ਕਾਰਵਾਈ ਵਿੱਚ ਵਿਘਨ ਨਹੀਂ ਪਾਵਾਂਗੇ। ਸਪਾ, ਟੀਐਮਸੀ ਅਤੇ ਕਾਂਗਰਸ ਸਮੇਤ ਕਈ ਪਾਰਟੀਆਂ ਦੇ ਕਈ ਸੰਸਦ ਮੈਂਬਰ ਮੇਰੇ ਕੋਲ ਆਏ ਸਨ।
ਰਿਜਿਜੂ ਮੁਤਾਬਕ ਪੂਰੀ ਕਾਂਗਰਸ ਪਾਰਟੀ ਰਾਜ ਸਭਾ ‘ਚ ਚਰਚਾ ਕਰਨਾ ਚਾਹੁੰਦੀ ਹੈ, ਸਿਰਫ ਰਾਹੁਲ ਗਾਂਧੀ ਹੀ ਸੰਸਦ ਦੀ ਕਾਰਵਾਈ ‘ਚ ਹਿੱਸਾ ਨਹੀਂ ਲੈਣਾ ਚਾਹੁੰਦੇ। ਸ਼ਾਇਦ ਉਹ ਸੰਸਦੀ ਜਮਹੂਰੀਅਤ ਵਿੱਚ ਵਿਸ਼ਵਾਸ ਨਹੀਂ ਰੱਖਦੇ ਹਨ। ਸਾਰੇ ਸੰਸਦ ਮੈਂਬਰ ਚਰਚਾ ਚਾਹੁੰਦੇ ਹਨ, ਹਰ ਸੰਸਦ ਮੈਂਬਰ ਲਈ ਉਸ ਦਾ ਸੰਸਦੀ ਖੇਤਰ ਮਹੱਤਵਪੂਰਨ ਹੈ। ਰਾਹੁਲ ਕੋਲ ਕੋਈ ਮੁੱਦਾ ਨਹੀਂ ਹੈ।
ਦੂਜੇ ਪਾਸੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਅਸੀਂ ਜੋ ਵੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ, ਬਾਹਰ ਕਰ ਰਹੇ ਹਾਂ। ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਹਾਂ, ਪਰ ਉਹ (ਸਰਕਾਰ) ਚਰਚਾ ਨਹੀਂ ਚਾਹੁੰਦੀ। ਹਰ ਰੋਜ਼ ਕਿਸੇ ਨਾ ਕਿਸੇ ਬਹਾਨੇ ਸਦਨ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ। ਉਥੇ ਹੀ ਵਿਰੋਧੀ ਧਿਰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੀ ਹੈ। ਵਿਰੋਧੀ ਧਿਰ ਦੇ 70 ਸੰਸਦ ਮੈਂਬਰਾਂ ਨੇ ਪ੍ਰਸਤਾਵ ‘ਤੇ ਦਸਤਖਤ ਕੀਤੇ ਹਨ। ਇਸ ਵਿੱਚ ਇੰਡੀਆ ਗੱਠਜੋੜ ਵਿੱਚ ਸ਼ਾਮਲ ਸਪਾ, ਟੀਐਮਸੀ ਅਤੇ ਆਪ ਵੀ ਸ਼ਾਮਲ ਹਨ।