ਵੈਨਕੂਵਰ : ਕੈਨੇਡਾ ਵਿੱਚ ਹਰਿਆਣਾ ਦੇ ਅੰਬਾਲਾ ਨਾਲ ਸਬੰਧਤ ਵਿਦਿਆਰਥੀ ਹਰਸ਼ਨਦੀਪ ਸਿੰਘ ਅੰਟਾਲ ਦੇ ਕਤਲ ਕੇਸ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਡਮਿੰਟਨ ਪੁਲਿਸ ਸਰਵਿਸ (ਈਪੀਐਸ) ਨੇ ਕਿਹਾ ਕਿ ਸ਼ੁੱਕਰਵਾਰ ਨੂੰ ਵਾਪਰੀ ਇਸ ਘਟਨਾ ਵਿੱਚ 30 ਸਾਲਾ ਇਵਾਨ ਰੇਨ ਅਤੇ 30 ਸਾਲਾ ਜੁਡਿਥ ਸੋਲਟੌਕਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕਤਲ 6 ਦਸੰਬਰ ਨੂੰ ਡਾਊਨਟਾਊਨ ਐਡਮਿੰਟਨ ‘ਚ ਰਾਤ 12:30 ਵਜੇ ਦੇ ਕਰੀਬ ਹੋਇਆ ਸੀ।
ਹਰਸ਼ਦੀਪ, ਜੋ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਸੀ, ਨੂੰ ਪੌੜੀਆਂ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਮੁਤਾਬਕ ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਉਸ ਨੂੰ ਬੇਹੋਸ਼ ਪਾਇਆ ਅਤੇ ਮੁੱਢਲੀ ਸਹਾਇਤਾ ਦਿੱਤੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਕਿਹਾ ਕਿ ਕਤਲ ਵਿੱਚ ਕਿਸੇ ਹੋਰ ਦੇ ਸ਼ਾਮਲ ਹੋਣ ਦਾ ਸ਼ੱਕ ਨਹੀਂ ਹੈ ਅਤੇ ਗ੍ਰਿਫਤਾਰੀਆਂ ਦੌਰਾਨ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ।
ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਹਰਸ਼ਦੀਪ ਦੀ ਹੱਤਿਆ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਕ ਪੋਸਟ ਵਿੱਚ ਕਿਹਾ ਗਿਆ ਹੈ, *’ਅਸੀਂ ਭਾਰਤੀ ਨਾਗਰਿਕ ਹਰਸ਼ਦੀਪ ਸਿੰਘ ਦੀ ਦੁਖਦਾਈ ਮੌਤ ਤੋਂ ਬਹੁਤ ਦੁਖੀ ਹਾਂ। ਉਸ ਨੂੰ 6 ਦਸੰਬਰ ਨੂੰ ਐਡਮਿੰਟਨ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ‘ਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਅਸੀਂ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਅਤੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਾਂਗੇ।
ਹਰਸ਼ਦੀਪ ਸਿੰਘ ਕਰੀਬ ਡੇਢ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਇੱਕ ਔਨਲਾਈਨ ਫੰਡਰੇਜ਼ਰ ਨੇ ਉਸਨੂੰ ਇੱਕ ‘ਦਿਆਲੂ ਅਤੇ ਮਿਹਨਤੀ ਨੌਜਵਾਨ’ ਦੱਸਿਆ। ਇਸ ਘਟਨਾ ਨੇ ਉਸਦੇ ਪਰਿਵਾਰ, ਦੋਸਤਾਂ ਅਤੇ ਸਨੇਹੀਆਂ ਨੂੰ ਡੂੰਘੇ ਸਦਮੇ ਵਿੱਚ ਛੱਡ ਦਿੱਤਾ ਹੈ। ਉਹ ਆਪਣੇ ਮਾਤਾ-ਪਿਤਾ ਅਤੇ ਇੱਕ ਭੈਣ ਨਾਲ ਪਿੰਡ ਮਟਹੇੜੀ ਜੱਟਾਂ, ਅੰਬਾਲਾ, ਹਰਿਆਣਾ ਵਿੱਚ ਰਹਿੰਦਾ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ, ਭਾਈਚਾਰੇ ਨੇ ਉਸਦੇ ਪਰਿਵਾਰ ਦੀ ਮਦਦ ਲਈ ਇੱਕ ਫੰਡਰੇਜ਼ਰ ਸ਼ੁਰੂ ਕੀਤਾ, ਜਿਸ ਵਿੱਚ ਐਤਵਾਰ ਸ਼ਾਮ ਤੱਕ 1,20,000 ਕੈਨੇਡੀਅਨ ਡਾਲਰ (ਕਰੀਬ 75 ਲੱਖ ਰੁਪਏ) ਇਕੱਠੇ ਹੋ ਚੁੱਕੇ ਸਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ, ਇਵਾਨ ਰੇਨ, ਹਿੰਸਕ ਅਪਰਾਧਾਂ ਲਈ ਪਹਿਲਾਂ ਦੋਸ਼ੀ ਠਹਿਰਾਇਆ ਗਿਆ ਹੈ। ਸਥਾਨਕ ਮੀਡੀਆ ‘ਵੈਸਟਰਨ ਸਟੈਂਡਰਡ’ ਨੇ ਰਿਪੋਰਟ ਦਿੱਤੀ ਕਿ ਰੇਨ ਦਾ ਅਪਰਾਧਿਕ ਇਤਿਹਾਸ ਕੈਨੇਡੀਅਨ ਨਿਆਂ ਪ੍ਰਣਾਲੀ ਅਤੇ ਉਸ ਦੀ ਰਿਹਾਈ ‘ਤੇ ਸਵਾਲ ਖੜ੍ਹੇ ਕਰਦਾ ਹੈ।