ਗੈਜੇਟ ਡੈਸਕ : ਗੂਗਲ ਪੇਅ ਦੀ ਵਰਤੋਂ ਕਰਨ ਵਾਲੇ ਦੁਕਾਨਦਾਰ ਸਾਵਧਾਨ ਰਹਿਣ। ਦਰਅਸਲ, ਬਰਤਨਾਂ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨੂੰ ਗੂਗਲ ਪੇ ਦਾ ਜਾਅਲੀ ਟਿੱਕ ਦਿਖਾ ਕੇ ਉਸ ਨਾਲ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਜਦੋਂ ਕੋਈ ਉਨ੍ਹਾਂ ਨੂੰ ਗੂਗਲ ਪੇਅ ਰਾਹੀਂ ਭੁਗਤਾਨ ਕਰਦਾ ਹੈ ਤਾਂ ਉਹ ਤੁਰੰਤ ਆਪਣੇ ਖਾਤੇ ਦੀ ਜਾਂਚ ਕਰਨ ਕਿ ਉਨ੍ਹਾਂ ਨੂੰ ਪੈਸੇ ਮਿਲੇ ਹਨ ਜਾਂ ਨਹੀਂ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਪਤਾਲਪੁਰੀ ਸਾਹਿਬ ਨੂੰ ਜਾਂਦੀ ਲਿੰਕ ਸੜਕ ’ਤੇ ਭਾਂਡਿਆਂ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨੇ ਇੱਕ ਜੋੜੇ ਨਾਲ ਅਨੋਖੇ ਤਰੀਕੇ ਨਾਲ 3700 ਰੁਪਏ ਦੀ ਠੱਗੀ ਮਾਰ ਲਈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਜਮੇਰ ਸਿੰਘ ਪੁੱਤਰ ਸ਼ੀਤਲ ਸਿੰਘ ਵਾਸੀ ਪਿੰਡ ਭਾਗਵਾਲਾ, ਵਾਰਡ ਨੰ: 11 ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਜੋ ਕਿ ਭਾਂਡਿਆਂ ਦੀ ਦੁਕਾਨ ਚਲਾਉਂਦਾ ਹੈ, ਨੇ ਦੱਸਿਆ ਕਿ ਉਹ ਸ਼ਹਿਰ ਨੂੰ ਜਾਂਦੀ ਲਿੰਕ ਸੜਕ ‘ਤੇ ਭਾਂਡਿਆਂ ਦੀ ਦੁਕਾਨ ਚਲਾਉਂਦਾ ਹੈ। 6 ਦਸੰਬਰ ਨੂੰ ਬਾਅਦ ਦੁਪਹਿਰ ਕਰੀਬ 3.30 ਵਜੇ ਇਕ ਚਿੱਟੇ ਰੰਗ ਦੀ ਕਾਰ ਉਸ ਦੀ ਦੁਕਾਨ ਅੱਗੇ ਆ ਕੇ ਰੁਕੀ। ਉਸ ਵਿੱਚੋਂ ਇੱਕ ਸਰਦਾਰ, ਇੱਕ ਔਰਤ ਅਤੇ ਇੱਕ ਬੱਚਾ ਹੇਠਾਂ ਉਤਰੇ। ਉਨ੍ਹਾਂ ਨੇ ਮੇਰੀ ਦੁਕਾਨ ਤੋਂ ਵੱਖ-ਵੱਖ ਤਰ੍ਹਾਂ ਦੇ ਭਾਂਡੇ ਖਰੀਦੇ। ਭਾਂਡਿਆਂ ਦੀ ਕੁੱਲ ਕੀਮਤ 3700 ਰੁਪਏ ਸੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਸਾਡੇ ਕੋਲ ਨਕਦੀ ਨਹੀਂ ਹੈ, ਅਸੀਂ ਤੁਹਾਨੂੰ ਗੂਗਲ ਪੇ ਰਾਹੀਂ ਭੁਗਤਾਨ ਕਰਾਂਗੇ। ਇਸ ਤੋਂ ਬਾਅਦ, ਉਨ੍ਹਾਂ ਨੇ QR ਕੋਡ ਨੂੰ ਸਕੈਨ ਕੀਤਾ ਅਤੇ ਗੂਗਲ ਪੇਅ ਦਾ ਓਕੇ ਸਾਈਨ ਦਿਖਾਇਆ, ਭਾਂਡੇ ਲੈ ਕੇ ਆਪਣੀ ਕਾਰ ਵਿੱਚ ਬੈਠ ਗਏ ਅਤੇ ਉੱਥੋਂ ਚਲਾ ਗਏ।
ਜਦੋਂ ਉਸ ਨੇ ਕੰਮ ਤੋਂ ਵਿਹਲੇ ਹੋ ਕੇ ਆਪਣੇ ਖਾਤੇ ਵਿੱਚ ਪੈਸੇ ਚੈੱਕ ਕੀਤੇ ਤਾਂ 3700 ਰੁਪਏ ਨਹੀਂ ਮਿਲੇ। ਉਕਤ ਜੋੜੇ ਨੇ ਉਸ ਨੂੰ ਜਾਅਲੀ ਟਿੱਕ ਦਾ ਨਿਸ਼ਾਨ ਦਿਖਾਇਆ। ਉਨ੍ਹਾਂ ਨੇ ਆਪਣੀ ਗੱਡੀ ਦਾ ਨੰਬਰ ਦੇ ਕੇ ਇਸ ਸਬੰਧੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਜਦੋਂ ਪੁਲਿਸ ਨੇ ਉਕਤ ਗੱਡੀ ਦਾ ਨੰਬਰ ਚੈੱਕ ਕੀਤਾ ਤਾਂ ਇਹ ਨੰਬਰ ਦਸੂਹਾ ਹੁਸ਼ਿਆਰਪੁਰ ਦਾ ਨਿਕਲਿਆ, ਜੋ ਕਿ ਗੱਡੀ ਦਾ ਜਾਅਲੀ ਨੰਬਰ ਸੀ, ਅਜਮੇਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਜੋੜੇ ਨੂੰ ਟਰੇਸ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐਸ.ਐਚ.ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜਮੇਰ ਸਿੰਘ ਪੁਲਿਸ ਕੋਲ ਗੱਡੀ ਦਾ ਨੰਬਰ ਲੈ ਕੇ ਆਇਆ ਸੀ, ਜੋ ਜਾਂਚ ਕਰਨ ‘ਤੇ ਜਾਅਲੀ ਨੰਬਰ ਨਿਕਲਿਆ। ਪੁਲਿਸ ਨੇ ਆਸਪਾਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜਦੋਂ ਕੋਈ ਉਨ੍ਹਾਂ ਨੂੰ ਗੂਗਲ ਪੇਅ ਰਾਹੀਂ ਭੁਗਤਾਨ ਕਰਦਾ ਹੈ ਤਾਂ ਉਹ ਤੁਰੰਤ ਆਪਣੇ ਖਾਤੇ ਦੀ ਜਾਂਚ ਕਰਨ ਕਿ ਉਨ੍ਹਾਂ ਨੂੰ ਪੈਸੇ ਮਿਲੇ ਹਨ ਜਾਂ ਨਹੀਂ।