ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਿਮਾਰਪੁਰ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਸੁਰਿੰਦਰ ਪਾਲ ਸਿੰਘ ਬਿੱਟੂ (Surinder Pal Singh Bittu) ਅੱਜ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ‘ਆਪ’ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਸਿੰਘ ਦਾ ਪਾਰਟੀ ‘ਚ ਸਵਾਗਤ ਕੀਤਾ ਅਤੇ ਕਿਹਾ ਕਿ ਵਿਕਾਸ ਕਾਰਜਾਂ ‘ਚ ਉਨ੍ਹਾਂ ਦਾ ਤਜਰਬਾ ਪਾਰਟੀ ਨੂੰ ਸਹਾਈ ਹੋਵੇਗਾ।
ਉਨ੍ਹਾਂ ਦਾ ਤਜਰਬਾ ਪਾਰਟੀ ਨੂੰ ਸਹਾਈ ਹੋਵੇਗਾ- ਸਿਸੋਦੀਆ
ਮਨੀਸ਼ ਸਿਸੋਦੀਆ ਨੇ ਕਿਹਾ, ‘ਆਪ ਵੱਲੋਂ ਸਿੱਖਿਆ, ਸਿਹਤ ਆਦਿ ਦੇ ਖੇਤਰ ਵਿੱਚ ਕੀਤੇ ਚੰਗੇ ਵਿਕਾਸ ਕਾਰਜਾਂ ਤੋਂ ਪ੍ਰੇਰਿਤ ਹੋ ਕੇ, ਸਿੰਘ ਅੱਜ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦਾ ਤਜਰਬਾ ਪਾਰਟੀ ਨੂੰ ਚੰਗੇ ਕੰਮ ਨੂੰ ਜਾਰੀ ਰੱਖਣ ਵਿੱਚ ਮਦਦ ਕਰੇਗਾ।’
ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ- ਸੁਰਿੰਦਰ ਪਾਲ
ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿੰਘ ਨੇ ਕਿਹਾ, ‘ਇਕ ਹੀ ਪਾਰਟੀ ਹੈ ਜੋ ਆਮ ਲੋਕਾਂ ਦੀਆਂ ਲੋੜਾਂ ਨੂੰ ਸੱਚਮੁੱਚ ਸਮਝਦੀ ਹੈ ਅਤੇ ਮੈਂ ‘ਆਪ’ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗਾ।’ ਸਿੰਘ ਤਿਮਾਰਪੁਰ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਦਿੱਲੀ ‘ਚ ਅਗਲੇ ਸਾਲ ਫਰਵਰੀ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ 2020 ਦੀਆਂ ਚੋਣਾਂ ‘ਚ 70 ‘ਚੋਂ 62 ਸੀਟਾਂ ਜਿੱਤਣ ਵਾਲੀ ‘ਆਪ’ ਨੂੰ ਲਗਾਤਾਰ ਤੀਜੀ ਵਾਰ ਸੱਤਾ ‘ਚ ਆਉਣ ਦੀ ਉਮੀਦ ਹੈ।