ਨਵੀਂ ਦਿੱਲੀ : ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ 9ਵਾਂ ਦਿਨ ਹੈ। ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਕਿਹਾ ਕਿ ਕੱਲ੍ਹ (ਵੀਰਵਾਰ) ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਦੀ ਸੀਟ ਤੋਂ ਨੋਟਾਂ ਦਾ ਬੰਡਲ ਮਿਲਿਆ ਹੈ। ਇਸ ‘ਤੇ ਸਦਨ ‘ਚ ਹੰਗਾਮਾ ਹੋ ਗਿਆ।
ਇਲਜ਼ਾਮਾਂ ‘ਤੇ ਸਿੰਘਵੀ ਨੇ ਕਿਹਾ- ਜਦੋਂ ਮੈਂ ਰਾਜ ਸਭਾ ਜਾਂਦਾ ਹਾਂ ਤਾਂ 500 ਰੁਪਏ ਦਾ ਸਿਰਫ ਇੱਕ ਨੋਟ ਲੈਂ ਕੇ ਜਾਂਦਾ ਹਾਂ। ਇਹ ਮੈਂ ਪਹਿਲੀ ਵਾਰ ਸੁਣਿਆ ਹੈ। ਮੈਂ 12:57 ‘ਤੇ ਸਦਨ ਪਹੁੰਚਿਆ, ਸਦਨ ਦੀ ਕਾਰਵਾਈ 1 ਵਜੇ ਸ਼ੁਰੂ ਹੋਈ। ਮੈਂ ਡੇਢ ਵਜੇ ਤੱਕ ਕੰਟੀਨ ਵਿੱਚ ਬੈਠਾ ਰਿਹਾ। ਇਸ ਤੋਂ ਬਾਅਦ ਮੈਂ ਸੰਸਦ ਛੱਡ ਦਿੱਤੀ।
ਮਲਿਕਾਰਜੁਨ ਖੜਗੇ ਨੇ ਕਿਹਾ, ਮੈਂ ਬੇਨਤੀ ਕਰਦਾ ਹਾਂ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਅਤੇ ਘਟਨਾ ਦੀ ਪ੍ਰਮਾਣਿਕਤਾ ਸਥਾਪਤ ਨਹੀਂ ਹੋ ਜਾਂਦੀ, ਉਦੋਂ ਤੱਕ ਕਿਸੇ ਵੀ ਮੈਂਬਰ ਦਾ ਨਾਮ ਨਹੀਂ ਲਿਆ ਜਾਣਾ ਚਾਹੀਦਾ। ਅਜਿਹੀ ਕੋਝੀ ਹਰਕਤ ਕਰਕੇ ਦੇਸ਼ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸਭਾਪਤੀ ਧਨਖੜ ਨੇ ਕਿਹਾ- ਕੱਲ੍ਹ (ਵੀਰਵਾਰ) ਸਦਨ ਦੀ ਕਾਰਵਾਈ ਮੁਲਤਵੀ ਕਰਨ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਸੀਟ ਨੰਬਰ 222 ਤੋਂ ਨਕਦੀ ਮਿਲੀ ਹੈ। ਇਹ ਸੀਟ ਤੇਲੰਗਾਨਾ ਦੇ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੂੰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਨਿਯਮਾਂ ਅਨੁਸਾਰ ਜਾਂਚ ਹੋਣੀ ਚਾਹੀਦੀ ਹੈ ਅਤੇ ਕੀਤੀ ਵੀ ਜਾ ਰਹੀ ਹੈ।