ਨਵੀਂ ਦਿੱਲੀ : ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਸੱਤਵੇਂ ਦਿਨ ਮੰਗਲਵਾਰ ਨੂੰ ਵੀ ਹੰਗਾਮਾ ਜਾਰੀ ਰਿਹਾ। ਦਰਅਸਲ ਅਡਾਨੀ ਮੁੱਦੇ ‘ਤੇ ਵਿਰੋਧੀ ਧਿਰ ਨੇ ਲੋਕ ਸਭਾ ‘ਚੋਂ ਵਾਕਆਊਟ ਕਰ ਦਿੱਤਾ। ਇਸ ਤੋਂ ਬਾਅਦ ਸੰਸਦ ਕੰਪਲੈਕਸ ‘ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਪਾਰਟੀ ਦੇ ਸੰਸਦ ਮੈਂਬਰਾਂ ਦੇ ਹੱਥਾਂ ‘ਚ ‘ਭਾਰਤ ਅਡਾਨੀ ਵਿਰੁੱਧ ਜਵਾਬਦੇਹੀ ਦੀ ਮੰਗ ਕਰਦਾ ਹੈ’ ਵਾਲੀ ਤਖ਼ਤੀਆਂ ਫੜੀਆਂ ਹੋਈਆਂ ਸਨ।
ਇਸ ਪ੍ਰਦਰਸ਼ਨ ‘ਚ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ ਸ਼ਿਰਕਤ ਕੀਤੀ। ਹਾਲਾਂਕਿ ਸਮਾਜਵਾਦੀ ਪਾਰਟੀ (ਸਪਾ) ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਇਸ ਤੋਂ ਦੂਰੀ ਬਣਾ ਲਈ ਹੈ। ਅਜਿਹੇ ‘ਚ ਸਰਕਾਰ ਦੇ ਖਿਲਾਫ ਵਿਰੋਧੀ ਧਿਰਾਂ ਦਾ ਮੋਹ ਭੰਗ ਹੁੰਦਾ ਨਜ਼ਰ ਆ ਰਿਹਾ ਸੀ। ਇਸ ਦੂਰੀ ਨੇ ਇਕ ਵਾਰ ਫਿਰ ਇੰਡੀਆ ਗਠਜੋੜ ਵਿਚਲੀ ਦਰਾੜ ਦਾ ਪਰਦਾਫਾਸ਼ ਕਰ ਦਿੱਤਾ।
ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਾਂ। ਅਸੀਂ ਸਦਨ ਦੇ ਅੰਦਰ ਵਿਰੋਧ ਨਹੀਂ ਕਰ ਸਕਦੇ ਇਸ ਲਈ ਅਸੀਂ ਸੰਸਦ ਕੰਪਲੈਕਸ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਹੈ। ਟੀਐਮਸੀ ਦੀ ਗੈਰ-ਭਾਗੀਦਾਰੀ ‘ਤੇ, ਉਸਨੇ ਕਿਹਾ, ‘ਹੁਣ ਤੱਕ ਸਾਡੇ ਵਿਚਕਾਰ ਹੋਰ ਮਾਮਲਿਆਂ ਵਿੱਚ ਸਹੀ ਤਾਲਮੇਲ ਚੱਲ ਰਿਹਾ ਹੈ। ਉਹ ਜਾਣਦੇ ਹਨ ਕਿ ਅਸੀਂ ਬੰਗਾਲ ਵਿੱਚ ਇਕੱਠੇ ਨਹੀਂ ਹਾਂ। ਇਸ ਲਈ ਸ਼ਾਇਦ ਉਹ ਇਸ ਵਿਸ਼ੇ ‘ਤੇ ਵੀ ਵੱਖਰੇ ਹਨ। ਸਰਕਾਰ ਤੈਅ ਕਰੇਗੀ ਕਿ ਸੰਸਦ ‘ਚ ਕਿਸ ਵਿਸ਼ੇ ‘ਤੇ ਚਰਚਾ ਹੋਵੇਗੀ। ਪਰ ਵਿਰੋਧੀ ਧਿਰ ਆਪਣੇ ਮੁੱਦਿਆਂ ‘ਤੇ ਗੱਲ ਕਰਨ ਲਈ ਕੋਈ ਹੋਰ ਰਾਹ ਲੱਭੇਗੀ।