ਪੰਜਾਬ : ਪੰਜਾਬ ਵਿੱਚ ਮੀਂਹ ਨੇ ਦਸਤਕ ਦੇ ਦਿੱਤੀ ਹੈ। ਦਰਅਸਲ ਅੱਜ ਸਵੇਰੇ ਅੰਮ੍ਰਿਤਸਰ ਦੇ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਈ, ਜਿਸ ਕਾਰਨ ਠੰਡ ਵਧ ਗਈ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਵੈਸਟਰਨ ਡਿਸਟਰਬੈਂਸ ਟਰਫ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਦੇ ਨਾਲ ਸਰਗਰਮ ਹੋ ਗਿਆ ਹੈ, ਪਰ ਇਹ ਬਹੁਤ ਕਮਜ਼ੋਰ ਸਥਿਤੀ ਵਿੱਚ ਹੈ, ਜਿਸ ਕਾਰਨ ਅੱਜ ਸਵੇਰੇ ਹਲਕੀ ਬਾਰਿਸ਼ ਹੋਈ ਹੈ।
ਭਾਵੇਂ ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਠੰਢ ਅਜੇ ਇੰਨੀ ਜ਼ਿਆਦਾ ਨਹੀਂ ਪਈ ਹੈ। ਹੋਰ ਸ਼ਹਿਰਾਂ ਵਿੱਚ ਤੇਜ਼ ਧੁੱਪ ਕਾਰਨ ਦੁਪਹਿਰ ਵੇਲੇ ਗਰਮੀ ਵੀ ਮਹਿਸੂਸ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ‘ਚ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਦਾ ਅਸਰ ਪੰਜਾਬ ਦੇ ਮੌਸਮ ‘ਤੇ ਵੀ ਪਵੇਗਾ ਅਤੇ ਤਾਪਮਾਨ ‘ਚ ਹਲਕੀ ਗਿਰਾਵਟ ਆ ਸਕਦੀ ਹੈ। ਭਾਵੇਂ ਅੱਜ ਸਰਹੱਦੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ ਪਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ।
ਦੂਜੇ ਪਾਸੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਪਰਾਲੀ ਸਾੜਨ ਦੀਆਂ ਘੱਟ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਸ ਕਾਰਨ ਹਵਾ ਪ੍ਰਦੂਸ਼ਣ ਵਿੱਚ ਸੁਧਾਰ ਹੋ ਰਿਹਾ ਹੈ। ਸਰਕਾਰ ਦਾ ਅਨੁਮਾਨ ਹੈ ਕਿ ਇਸ ਸਾਲ 70 ਫੀਸਦੀ ਘੱਟ ਪਰਾਲੀ ਸਾੜੀ ਗਈ ਹੈ। ਪੰਜਾਬ ਵਿੱਚ AQI ਦੀ ਗੱਲ ਕਰੀਏ ਤਾਂ ਇਹ ਸੂਬੇ ਵਿੱਚ 200 ਤੋਂ ਘੱਟ ਪਾਇਆ ਗਿਆ। ਜਦੋਂਕਿ ਬਠਿੰਡਾ ਵਿੱਚ AQI 72 ਅਤੇ ਖੰਨਾ ਵਿੱਚ 97 ਦਰਜ ਕੀਤਾ ਗਿਆ ਹੈ।