ਢਾਕਾ : ਬੰਗਲਾਦੇਸ਼ ‘ਚ ਜੇਲ ‘ਚ ਬੰਦ ਧਾਰਮਿਕ ਨੇਤਾ ਚਿਨਮਏ ਕ੍ਰਿਸ਼ਨ ਦਾਸ ਪ੍ਰਭੂ ਦੀ ਮੁਸ਼ਕਿਲਾਂ ਘਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੰਗਲਾਦੇਸ਼ ‘ਚ ਦੇਸ਼ਧ੍ਰੋਹ ਦੇ ਦੋਸ਼ ‘ਚ ਜੇਲ ‘ਚ ਬੰਦ ਧਾਰਮਿਕ ਨੇਤਾ ਚਿਨਮਏ ਕ੍ਰਿਸ਼ਨ ਦਾਸ ਪ੍ਰਭੂ ਦੇ ਮਾਮਲੇ ਦੀ ਨੁਮਾਇੰਦਗੀ ਕਰ ਰਹੇ ਵਕੀਲ ‘ਤੇ ਹਮਲਾ ਕੀਤਾ ਗਿਆ ਹੈ।
ਇਹ ਦਾਅਵਾ ਕੋਲਕਾਤਾ ‘ਚ ਇਸਕਾਨ ਦੇ ਬੁਲਾਰੇ ਰਾਧਾਰਮਨ ਦਾਸ ਨੇ ਕੀਤਾ ਹੈ। ਬੰਗਲਾਦੇਸ਼ ਵਿੱਚ ਇਸਕੋਨ ਦੇ ਇੱਕ ਪ੍ਰਮੁੱਖ ਸਾਬਕਾ ਨੇਤਾ ਚਿਨਮਏ ਕ੍ਰਿਸ਼ਨ ਦਾਸ ਬ੍ਰਹਮਚਾਰੀ ਨੂੰ ਪਿਛਲੇ ਮਹੀਨੇ ਢਾਕਾ ਵਿੱਚ ਰੰਗਪੁਰ ਵਿੱਚ ਹਿੰਦੂ ਭਾਈਚਾਰੇ ਦੇ ਸਮਰਥਨ ਵਿੱਚ ਪ੍ਰਦਰਸ਼ਨ ਦੀ ਅਗਵਾਈ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਉਸ ‘ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ।
26 ਨਵੰਬਰ ਨੂੰ ਢਾਕਾ ਦੀ ਇਕ ਅਦਾਲਤ ਨੇ ਉਸਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਉਸ ਦੀ ਜ਼ਮਾਨਤ ‘ਤੇ ਅੱਜ ਮੁੜ ਸੁਣਵਾਈ ਹੋਵੇਗੀ। ਬੰਗਲਾਦੇਸ਼ ਦੇ ਵਿਦਿਆਰਥੀਆਂ ਅਤੇ ਹੋਰ ਕੱਟੜਪੰਥੀ ਸੰਗਠਨਾਂ ਨੇ ਸੋਮਵਾਰ ਰਾਤ ਬੰਗਲਾਦੇਸ਼ ਦੇ ਖੁੱਲਨਾ ਵਿੱਚ ਭਾਰਤੀ ਸਹਾਇਕ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵਾਧੂ
ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਵੀ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ।