ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਯਾਨੀ ਸੋਮਵਾਰ ਨੂੰ ਦਿੱਲੀ ਵੱਲ ਮਾਰਚ ਸ਼ੁਰੂ ਕਰ ਦਿਤਾ ਹੈ। ਇਸ ਕਾਰਨ ਦਿੱਲੀ-ਨੋਇਡਾ ਸਰਹੱਦ ‘ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਡੀਐਨਡੀ ਫਲਾਈਵੇਅ ਅਤੇ ਚਿੱਲਾ ਬਾਰਡਰ ‘ਤੇ ਸਵੇਰ ਤੋਂ ਹੀ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ। ਕਿਸਾਨਾਂ ਦੇ ਇਸ ਕਦਮ ਦੇ ਮੱਦੇਨਜ਼ਰ ਸਰਹੱਦ ‘ਤੇ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ।
ਗੌਤਮ ਬੁੱਧ ਨਗਰ, ਬੁਲੰਦਸ਼ਹਿਰ, ਅਲੀਗੜ੍ਹ ਅਤੇ ਆਗਰਾ ਸਮੇਤ 20 ਜ਼ਿਲ੍ਹਿਆਂ ਦੇ ਕਿਸਾਨ ਇਸ ਮਾਰਚ ਦਾ ਹਿੱਸਾ ਬਣੇ ਹਨ। ਕਿਸਾਨਾਂ ਦਾ ਮਾਰਚ ਦੁਪਹਿਰ 12 ਵਜੇ ਮਹਾਮਾਇਆ ਫਲਾਈਓਵਰ ਤੋਂ ਸ਼ੁਰੂ ਹੋਇਆ ਹੈ, ਜਿੱਥੋਂ ਉਹ ਪੈਦਲ ਅਤੇ ਟਰੈਕਟਰਾਂ ‘ਤੇ ਦਿੱਲੀ ਵੱਲ ਵਧ ਰਹੇ ਹਨ। ਇਸ ਦੌਰਾਨ ਨੋਇਡਾ-ਦਿੱਲੀ ਸਰਹੱਦ ‘ਤੇ ਕਈ ਥਾਵਾਂ ‘ਤੇ ਬੈਰੀਕੇਡਿੰਗ ਕੀਤੀ ਗਈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਡੀਐਨਡੀ ਫਲਾਈਵੇਅ, ਚਿੱਲਾ ਬਾਰਡਰ ਅਤੇ ਮਹਾਮਾਇਆ ਫਲਾਈਓਵਰ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸ ਵੇਅ ‘ਤੇ ਵੀ ਕਈ ਚੈੱਕ ਪੁਆਇੰਟ ਬਣਾਏ ਗਏ ਹਨ। ਇਸ ਤੋਂ ਇਲਾਵਾ ਯਮੁਨਾ ਐਕਸਪ੍ਰੈਸ ਵੇਅ ਤੋਂ ਸਿਰਸਾ ਅਤੇ ਪਾਰੀ ਚੌਕ ਤੱਕ ਵਪਾਰਕ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾਈ ਗਈ ਹੈ। ਕਿਸਾਨਾਂ ਨੇ 27 ਨਵੰਬਰ ਨੂੰ ਗ੍ਰੇਟਰ ਨੋਇਡਾ ਅਥਾਰਟੀ ‘ਤੇ ਧਰਨਾ ਦਿੱਤਾ ਸੀ ਅਤੇ 28 ਨਵੰਬਰ ਤੋਂ 1 ਦਸੰਬਰ ਤੱਕ ਯਮੁਨਾ ਅਥਾਰਟੀ ‘ਤੇ ਪ੍ਰਦਰਸ਼ਨ ਕੀਤਾ ਸੀ। ਹੁਣ 6 ਦਸੰਬਰ ਨੂੰ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਸੰਸਦ ਕੰਪਲੈਕਸ ਵੱਲ ਮਾਰਚ ਕਰਨ ਦੀ ਯੋਜਨਾ ਹੈ।