ਚੰਡੀਗੜ੍ਹ : ਪੰਜਾਬ ਸਰਕਾਰ ਨੇ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਰਿਹਾਈ ਤੋਂ ਬਾਅਦ ਮੁੜ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਅਹਿਮ ਫੈਸਲਾ ਲਿਆ ਹੈ। ਸਰਕਾਰ ਸੱਤ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਵਿਸ਼ੇਸ਼ ਕੋਰਸ ਕਰਵਾਏਗੀ, ਤਾਂ ਜੋ ਉਹ ਮੁੜ ਅਪਰਾਧ ਦੀ ਦਲਦਲ ਵਿੱਚ ਨਾ ਜਾਣ।
ਇਹ ਕੰਮ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐੱਸ.ਡੀ.ਐੱਮ.) ਨੂੰ ਸੌਂਪਿਆ ਗਿਆ ਹੈ, ਜਿਸ ਨੇ ਕੈਦੀਆਂ ਨੂੰ ਕੋਰਸ ਕਰਵਾਉਣ ਲਈ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਪਹਿਲੇ ਪੜਾਅ ਵਿੱਚ, ਮਿਸ਼ਨ ਇੱਕ ਹਜ਼ਾਰ ਕੈਦੀਆਂ ਨੂੰ ਇਹ ਕੋਰਸ ਮੁਹੱਈਆ ਕਰਵਾਏਗਾ, ਜਿਸ ਵਿੱਚ ਡਾਟਾ ਐਂਟਰੀ ਆਪਰੇਟਰ, ਸ਼ੈੱਫ, ਹੇਅਰ ਸਟਾਈਲਿਸਟ ਅਤੇ ਫੀਲਡ ਟੈਕਨੀਸ਼ੀਅਨ ਆਦਿ ਸ਼ਾਮਲ ਹਨ।
ਪੀਐਸਡੀਐਮ ਨੇ ਇਸ ਕੰਮ ਲਈ ਏਜੰਸੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਹੀਨੇ ਤੋਂ ਹੀ ਸਾਰੀਆਂ ਜੇਲ੍ਹਾਂ ਵਿੱਚ ਇਹ ਕੋਰਸ ਸ਼ੁਰੂ ਕਰ ਦਿੱਤੇ ਜਾਣਗੇ। ਇਹ ਤਿੰਨ ਮਹੀਨੇ ਦੇ ਕੋਰਸ 15 ਮਾਰਚ, 2025 ਤੱਕ ਪੂਰੇ ਕੀਤੇ ਜਾਣੇ ਹਨ। ਇਸ ਤੋਂ ਪਹਿਲਾਂ ਪਾਇਲਟ ਪ੍ਰੋਜੈਕਟ ਵਜੋਂ ਮਿਸ਼ਨ ਵੱਲੋਂ 500 ਕੈਦੀਆਂ ਨੂੰ ਸਿਖਲਾਈ ਦਿੱਤੀ ਗਈ ਸੀ, ਜਿਸ ਲਈ ਵਿਭਾਗ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਇਸ ਕਰਕੇ ਵਿਭਾਗ ਨੇ ਹੁਣ ਪਹਿਲੇ ਪੜਾਅ ਵਿੱਚ ਇੱਕ ਹਜ਼ਾਰ ਕੈਦੀਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਹੈ। ਦੂਜੇ ਅਤੇ ਤੀਜੇ ਪੜਾਅ ਵਿੱਚ ਹੋਰ ਕੈਦੀਆਂ ਨੂੰ ਸ਼ਾਮਲ ਕੀਤਾ ਜਾਵੇਗਾ।