ਨਵੀਂ ਦਿੱਲੀ : ਅਡਾਨੀ ਮੁੱਦੇ ‘ਤੇ ਸੰਸਦ ‘ਚ ਵਿਰੋਧੀ ਧਿਰ ਦਾ ਹੰਗਾਮਾ ਅੱਜ ਵੀ ਜਾਰੀ ਹੈ। ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਪੰਜਵਾਂ ਦਿਨ ਹੈ। ਸਵੇਰੇ 11 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਦੇ ਆਗੂਆਂ ਨੇ ਵੀ ਵਾਟ ਜਸਟਿਸ ਦੇ ਨਾਅਰੇ ਲਾਏ। ਸਦਨ ਦਾ ਕੰਮਕਾਜ ਪੰਜ ਮਿੰਟ ਤੱਕ ਜਾਰੀ ਰਹਿਣ ਤੋਂ ਬਾਅਦ ਕਾਰਵਾਈ ਦੁਪਹਿਰ 12 ਵਜੇ ਲਈ ਮੁਲਤਵੀ ਕਰ ਦਿੱਤੀ ਗਈ।
ਰਾਜ ਸਭਾ ਦੀ ਕਾਰਵਾਈ ਕਰੀਬ 15 ਮਿੰਟ ਤੱਕ ਚਲਦੀ ਰਹੀ। ਉਥੇ ਵੀ ਵਿਰੋਧੀ ਧਿਰ ਦੇ ਨੇਤਾਵਾਂ ਨੇ ਹੰਗਾਮਾ ਕੀਤਾ। ਜਿਸ ਤੋਂ ਬਾਅਦ ਜਗਦੀਪ ਧਨਖੜ ਨੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅੱਜ ਲੋਕ ਸਭਾ ‘ਚ ਭਾਰਤ-ਚੀਨ ਮੁੱਦੇ ‘ਤੇ ਬੋਲਣਗੇ। ਵਿੱਤ ਮੰਤਰੀ ਸੀਤਾਰਮਨ ਲੋਕ ਸਭਾ ਵਿੱਚ ਬੈਂਕਿੰਗ ਕਾਨੂੰਨ ਸੋਧ ਬਿੱਲ ਪੇਸ਼ ਕਰ ਸਕਦੇ ਹਨ।
ਇਸ ਤੋਂ ਪਹਿਲਾਂ 29 ਨਵੰਬਰ ਨੂੰ ਸੈਸ਼ਨ ਦੇ ਚੌਥੇ ਦਿਨ ਵਿਰੋਧੀ ਧਿਰ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਅਡਾਨੀ ਅਤੇ ਸੰਭਲ ਦਾ ਮੁੱਦਾ ਚੁੱਕਿਆ ਸੀ। ਸਪੀਕਰ ਓਮ ਬਿਰਲਾ ਨੇ ਕਿਹਾ ਸੀ, ‘ਸਹਿਮਤੀ-ਅਸਹਿਮਤੀ ਲੋਕਤੰਤਰ ਦੀ ਤਾਕਤ ਹੈ। ਮੈਨੂੰ ਉਮੀਦ ਹੈ ਕਿ ਸਾਰੇ ਮੈਂਬਰ ਸਦਨ ਨੂੰ ਚੱਲਣ ਦੇਣਗੇ। ਦੇਸ਼ ਦੇ ਲੋਕ ਸੰਸਦ ਪ੍ਰਤੀ ਚਿੰਤਾ ਪ੍ਰਗਟ ਕਰ ਰਹੇ ਹਨ। ਸਦਨ ਸਾਰਿਆਂ ਦਾ ਹੈ, ਦੇਸ਼ ਚਾਹੁੰਦਾ ਹੈ ਕਿ ਸੰਸਦ ਚੱਲੇ।