ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Former Delhi Chief Minister Arvind Kejriwal) ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨ ਮਾਲਵੀਆ ਨਗਰ ਇਲਾਕੇ (Malviya Nagar Area) ‘ਚ ਇਕ ਵਿਅਕਤੀ ਨੇ ਕੇਜਰੀਵਾਲ ‘ਤੇ ਤਰਲ ਪਦਾਰਥ ਸੁੱਟ ਦਿੱਤਾ। ਇਸ ਨੂੰ ਜਾਨਲੇਵਾ ਹਮਲਾ ਦੱਸਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਪੁਲਿਸ ਨੇ ਤਰਲ ਦੀ ਪਛਾਣ ਪਾਣੀ ਵਜੋਂ ਕੀਤੀ ਅਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ।
ਇਹ ਇੱਕ ਜਾਨਲੇਵਾ ਹਮਲਾ ਸੀ – ਸੌਰਭ ਭਾਰਦਵਾਜ
‘ਆਪ’ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਇਸ ਘਟਨਾ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ‘ਤੇ ਗੰਭੀਰ ਦੋਸ਼ ਲਾਏ ਹਨ। ਭਾਰਦਵਾਜ ਨੇ ਕਿਹਾ ਕਿ ਕੇਜਰੀਵਾਲ ਦੀ ਪਦਯਾਤਰਾ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ‘ਤੇ ਸਪਿਰਿਟ (ਤਰਲ) ਸੁੱਟ ਦਿੱਤਾ। ਸੌਰਭ ਭਾਰਦਵਾਜ ਨੇ ਕਿਹਾ, ‘ਸਾਨੂੰ ਅਹਿਸਾਸ ਹੋਇਆ ਕਿ ਇਹ ਸਪਿਰਿਟ ਸੀ ਅਤੇ ਵਿਅਕਤੀ ਦੇ ਹੱਥ ਵਿਚ ਮਾਚਿਸ ਦੀ ਡੱਬੀ ਵੀ ਸੀ। ਇਹ ਸਪੱਸ਼ਟ ਤੌਰ ‘ਤੇ ਇੱਕ ਜਾਨਲੇਵਾ ਹਮਲਾ ਸੀ।
ਹਮਲਾ ਭਾਜਪਾ ਵਾਲਿਆਂ ਨੇ ਕੀਤਾ ਸੀ
ਸੌਰਭ ਭਾਰਦਵਾਜ ਨੇ ਅੱਗੇ ਦੱਸਿਆ ਕਿ ਇਹ ਹਮਲਾ ਦਿੱਲੀ ਦੇ ਦਿਲ ਵਿਚ ਹੋਇਆ ਸੀ ਅਤੇ ਹਮਲਾਵਰ ਦੇ ਕੋਲ ਮਾਚਿਸ ਸੀ ਪਰ ਪਾਰਟੀ ਵਰਕਰਾਂ ਦੀ ਚੌਕਸੀ ਕਾਰਨ ਅੱਗ ਨਹੀਂ ਲੱਗ ਪਾਈ । ਉਨ੍ਹਾਂ ਦੋਸ਼ ਲਾਇਆ ਕਿ ਇਹ ਹਮਲਾ ਭਾਜਪਾ ਵਾਲਿਆਂ ਵੱਲੋਂ ਕੀਤਾ ਗਿਆ ਹੈ, ਜੋ ਦਿੱਲੀ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਹਾਰ ਦੇ ਡਰੋਂ ਅਜਿਹੀਆਂ ਹਰਕਤਾਂ ਕਰ ਰਹੇ ਹਨ।
ਭਾਰਦਵਾਜ ਨੇ ਹਮਲਾਵਰ ਦੇ ਫੇਸਬੁੱਕ ਪ੍ਰੋਫਾਈਲ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਭਾਜਪਾ ਦਾ ਮੈਂਬਰ ਸੀ ਅਤੇ ਭਾਜਪਾ ਦੇ ਪ੍ਰਮੁੱਖ ਨੇਤਾਵਾਂ ਨੂੰ ਫਾਲੋ ਕਰ ਰਿਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਦੇ ਗੁੰਡਿਆਂ ਨੇ ਪਹਿਲਾਂ ਵੀ ਕੇਜਰੀਵਾਲ ‘ਤੇ ਹਮਲਾ ਕੀਤਾ ਹੈ, ਜਿਵੇਂ ਕਿ ਵਿਕਾਸਪੁਰੀ ‘ਚ ਜਾਨਲੇਵਾ ਹਮਲਾ ਅਤੇ ਬੁਰਾੜੀ ‘ਚ ਹਮਲਾ।
ਦਿੱਲੀ ਪੁਲਿਸ ਕੀ ਕਰ ਰਹੀ ਹੈ- AAP
ਭਾਰਦਵਾਜ ਨੇ ਸਵਾਲ ਕੀਤਾ ਕਿ ਦਿੱਲੀ ਪੁਲਿਸ ਉਦੋਂ ਕੀ ਕਰ ਰਹੀ ਸੀ ਜਦੋਂ ਆਮ ਆਦਮੀ ਪਾਰਟੀ ਦੇ ਨੇਤਾ ਦੀ ਜਾਨ ਨੂੰ ਖ਼ਤਰਾ ਸੀ ਅਤੇ ਭਾਜਪਾ ਦੇ ਗੁੰਡੇ ਖੁੱਲ੍ਹੇਆਮ ਉਨ੍ਹਾਂ ‘ਤੇ ਹਮਲੇ ਕਰ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਵਿੱਚ ਅਪਰਾਧ ਵੱਧ ਰਹੇ ਹਨ ਅਤੇ ਪੁਲਿਸ ਦੀ ਕਾਰਵਾਈ ‘ਤੇ ਸਵਾਲ ਉਠਾਏ ਹਨ। ਇਸ ਘਟਨਾ ਨੇ ਦਿੱਲੀ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ।