ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ (Raj Kundra) ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (The Enforcement Directorate),(ਈ.ਡੀ) ਨੇ ਉਨ੍ਹਾਂ ਨੂੰ ਅਸ਼ਲੀਲਤਾ ਅਤੇ ਮਨੀ ਲਾਂਡਰਿੰਗ ਮਾਮਲੇ (The Obscenity and Money Laundering Case) ਵਿੱਚ ਸੰਮਨ ਜਾਰੀ ਕੀਤਾ ਹੈ। ਦੋ ਦਿਨ ਪਹਿਲਾਂ ਈ.ਡੀ ਨੇ ਉਨ੍ਹਾਂ ਦੇ ਘਰ ਅਤੇ ਦਫ਼ਤਰ ‘ਤੇ ਛਾਪੇਮਾਰੀ ਕੀਤੀ ਸੀ ਅਤੇ ਹੁਣ ਉਨ੍ਹਾਂ ਨੂੰ ਅਗਲੇ ਹਫ਼ਤੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਈ.ਡੀ ਦੇ ਸੂਤਰਾਂ ਅਨੁਸਾਰ ਰਾਜ ਕੁੰਦਰਾ ਤੋਂ ਇਲਾਵਾ ਅਸ਼ਲੀਲ ਅਤੇ ਬਾਲਗ ਫਿਲਮਾਂ ਦੀ ਵੰਡ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਇਸ ਮਾਮਲੇ ਵਿੱਚ ਹੋਰ ਮੁਲਜ਼ਮਾਂ ਨੂੰ ਵੀ ਸੰਮਨ ਭੇਜੇ ਗਏ ਹਨ। ਈ.ਡੀ ਹੁਣ ਸਾਰੇ ਦੋਸ਼ੀਆਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਤੇਜ਼ ਕਰਨਾ ਚਾਹੁੰਦੀ ਹੈ।
ਈ.ਡੀ ਦਾ ਛਾਪਾ
ਇਸ ਤੋਂ ਪਹਿਲਾਂ ਈ.ਡੀ ਨੇ ਮੁੰਬਈ ਅਤੇ ਉੱਤਰ ਪ੍ਰਦੇਸ਼ ਦੇ ਕੁਝ ਸ਼ਹਿਰਾਂ ‘ਚ ਕੁੱਲ 15 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ ਛਾਪਿਆਂ ਵਿੱਚ ਰਾਜ ਕੁੰਦਰਾ ਦਾ ਨਾਂ ਵੀ ਸ਼ਾਮਲ ਸੀ। ਈ.ਡੀ ਨੇ ਰਾਜ ਕੁੰਦਰਾ ਦੇ ਘਰ ਅਤੇ ਦਫ਼ਤਰ ਸਮੇਤ ਇਨ੍ਹਾਂ 15 ਥਾਵਾਂ ਤੋਂ ਕੁਝ ਅਹਿਮ ਸਬੂਤ ਵੀ ਬਰਾਮਦ ਕੀਤੇ ਹਨ, ਜਿਸ ਤੋਂ ਬਾਅਦ ਜਾਂਚ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਇਸ ਸਬੂਤ ਦੇ ਆਧਾਰ ‘ਤੇ ਈ.ਡੀ ਨੇ ਪੁੱਛਗਿੱਛ ਲਈ ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ।
ਮਨੀ ਲਾਂਡਰਿੰਗ ਕੇਸ
ਇਹ ਮਨੀ ਲਾਂਡਰਿੰਗ ਕੇਸ ਮਈ 2022 ਦਾ ਹੈ ਜਦੋਂ ਇਸ ਮਾਮਲੇ ਵਿੱਚ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ ਇਸ ਸਾਲ ਦੀ ਸ਼ੁਰੂਆਤ ‘ਚ ਈ.ਡੀ ਨੇ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੀ 98 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਸੀ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੂੰ ਬੰਬੇ ਹਾਈ ਕੋਰਟ ਤੋਂ ਰਾਹਤ ਮਿਲੀ ਅਤੇ ਕੁਰਕੀ ਦੇ ਆਦੇਸ਼ ਦੇ ਖ਼ਿਲਾਫ਼ ਜਿੱਤ ਪ੍ਰਾਪਤ ਕੀਤੀ।
ਸੋਸ਼ਲ ਮੀਡੀਆ ‘ਤੇ ਰਾਜ ਕੁੰਦਰਾ ਦਾ ਬਿਆਨ
ਈ.ਡੀ ਦੇ ਛਾਪੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਰਾਜ ਕੁੰਦਰਾ ਦੀ ਪਤਨੀ ਸ਼ਿਲਪਾ ਸ਼ੈੱਟੀ ਦਾ ਨਾਂ ਵੀ ਉੱਠਣ ਲੱਗਾ। ਇਸ ‘ਤੇ ਰਾਜ ਕੁੰਦਰਾ ਨੇ ਇਕ ਬਿਆਨ ਜਾਰੀ ਕਰਕੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਆਪਣੀ ਪਤਨੀ ਦਾ ਨਾਂ ਨਾ ਖਿੱਚਣ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ‘ਇਹ ਚਿੰਤਾਜਨਕ ਹੋ ਸਕਦਾ ਹੈ ਪਰ ਮੈਂ ਜਾਂਚ ‘ਚ ਪੂਰਾ ਸਹਿਯੋਗ ਕਰ ਰਿਹਾ ਹਾਂ।
ਮੇਰੇ ਸਾਥੀਓ, ਅਸ਼ਲੀਲ ਸਮੱਗਰੀ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਦਾਅਵਿਆਂ ਦਾ ਸੱਚਾਈ ‘ਤੇ ਕੋਈ ਅਸਰ ਨਹੀਂ ਪਵੇਗਾ – ਇਨਸਾਫ਼ ਹੋਵੇਗਾ! ਮੇਰੀ ਪਤਨੀ ਦਾ ਨਾਮ ਬਾਰ ਬਾਰ ਖਿੱਚਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਰਪਾ ਕਰਕੇ ਸੀਮਾਵਾਂ ਦਾ ਸਤਿਕਾਰ ਕਰੋ। ਰਾਜ ਕੁੰਦਰਾ ਨੇ ਇਹ ਵੀ ਕਿਹਾ ਕਿ ਇਸ ਸਮੁੱਚੀ ਜਾਂਚ ਦੌਰਾਨ ਉਹ ਪੂਰੀ ਤਰ੍ਹਾਂ ਕਾਨੂੰਨ ਦੀ ਪਾਲਣਾ ਕਰ ਰਹੇ ਹਨ ਅਤੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਦਾ ਜਵਾਬ ਦੇਣ ਲਈ ਤਿਆਰ ਹਨ।