ਮੁੰਬਈ : ਅਮਰੀਕਾ ਨੇ ਗੌਤਮ ਅਡਾਨੀ ‘ਤੇ ਰਿਸ਼ਵਤ ਦੇਣ ਦੇ ਦੋਸ਼ ਲਗਾਏ ਸਨ। ਇਸਦੇ ਬਾਵਜੂਦ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਸੰਪਤੀ ‘ਚ ਸ਼ੁੱਕਰਵਾਰ ਨੂੰ ਜ਼ਬਰਦਸਤ ਵਾਧਾ ਹੋਇਆ ਹੈ। ਅਜਿਹਾ ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਭਾਰੀ ਵਾਧੇ ਕਾਰਨ ਹੋਇਆ ਹੈ। ਅਮਰੀਕੀ ਦੋਸ਼ਾਂ ਦੀ ਖਬਰ ਤੋਂ ਬਾਅਦ ਅਡਾਨੀ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਆਈ ਸੀ।
ਇਸ ਤੋਂ ਬਾਅਦ ਪਿਛਲੇ ਤਿੰਨ ਸੈਸ਼ਨਾਂ ‘ਚ ਗਰੁੱਪ ਦੇ ਸ਼ੇਅਰਾਂ ‘ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਅਡਾਨੀ ਗਰੁੱਪ ਦੀਆਂ ਕੰਪਨੀਆਂ ‘ਤੇ ਅਮਰੀਕੀ ਦੋਸ਼ਾਂ ਦਾ ਅਸਰ ਹੁਣ ਘੱਟ ਗਿਆ ਹੈ। ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਮੁਤਾਬਕ ਗੌਤਮ ਅਡਾਨੀ ਦੀ ਸੰਪਤੀ ‘ਚ ਇਕ ਦਿਨ ‘ਚ 8.64 ਅਰਬ ਡਾਲਰ ਦਾ ਵਾਧਾ ਹੋਇਆ ਹੈ। ਜੇਕਰ ਰੁਪਏ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਇਹ ਰਕਮ 73,059 ਕਰੋੜ ਰੁਪਏ ਬਣਦੀ ਹੈ।
ਇਸ ਨਾਲ ਅਡਾਨੀ ਗਰੁੱਪ ਦੀ ਕੁੱਲ ਜਾਇਦਾਦ 75.5 ਅਰਬ ਡਾਲਰ ਹੋ ਗਈ ਹੈ। ਉਹ ਵਰਤਮਾਨ ਵਿੱਚ ਦੁਨੀਆ ਦੇ 20ਵੇਂ ਸਭ ਤੋਂ ਅਮੀਰ ਵਿਅਕਤੀ ਅਤੇ ਭਾਰਤ ਵਿੱਚ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ। ਇਸ ਦੇ ਨਾਲ ਹੀ ਅਡਾਨੀ ਗਰੁੱਪ ਦੇ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਜੁਗੇਸ਼ਿੰਦਰ ਸਿੰਘ ਨੇ ਕਿਹਾ ਕਿ ਠੇਕੇ ਲੈਣ ਲਈ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਗੱਲ ਪੂਰੀ ਤਰ੍ਹਾਂ ਗਲਤ ਹੈ। ਇਸ ਦੇ ਨਾਲ ਹੀ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੱਡੀ ਰਕਮ ਅਦਾ ਕੀਤੀ ਜਾਂਦੀ ਤਾਂ ਉਨ੍ਹਾਂ ਨੂੰ ਇਸ ਬਾਰੇ ਜ਼ਰੂਰ ਪਤਾ ਹੋਣਾ ਸੀ।