ਓਡੀਸ਼ਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਤੋਂ ਓਡੀਸ਼ਾ ਦੇ 3 ਦਿਨਾਂ ਦੌਰੇ ‘ਤੇ ਹਨ। ਇਹ ਪਹਿਲੀ ਵਾਰ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਰਾਜ ਵਿੱਚ 3 ਦਿਨ ਰੁਕੇਗਾ। ਪੀ.ਐਮ ਮੋਦੀ ਭੁਵਨੇਸ਼ਵਰ ਦੇ ਲੋਕ ਸੇਵਾ ਭਵਨ ਕਨਵੈਨਸ਼ਨ ਸੈਂਟਰ ਵਿੱਚ 30 ਨਵੰਬਰ ਅਤੇ 1 ਦਸੰਬਰ ਨੂੰ ਹੋਣ ਵਾਲੀ ਡੀ.ਜੀ.ਪੀ.-ਆਈ.ਜੀ. ਕਾਨਫਰੰਸ ਵਿੱਚ ਸ਼ਾਮਲ ਹੋਣਗੇ।
ਇਸ ਕਾਨਫਰੰਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਐੱਨ.ਐੱਸ.ਏ. ਅਜੀਤ ਡੋਵਾਲ, ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ, ਰਾਜਾਂ ਦੇ ਡੀ.ਜੀ.ਪੀ., ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਡਾਇਰੈਕਟਰ ਜਨਰਲ, ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ), ਰਾਸ਼ਟਰੀ ਸੁਰੱਖਿਆ ਗਾਰਡ ਦੇ ਮੁਖੀ ਅਤੇ ਵਿਸ਼ੇਸ਼ ਸੁਰੱਖਿਆ ਗਾਰਡ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਅੱਜ ਸ਼ਾਮ 4.20 ਵਜੇ ਭੁਵਨੇਸ਼ਵਰ ਪਹੁੰਚਣਗੇ। ਇੱਥੇ ਹਵਾਈ ਅੱਡੇ ‘ਤੇ ਹੀ ਜਨ ਸਭਾ ਕਰਨਗੇ। ਰਾਜ ਭਵਨ ਤੱਕ ਰੋਡ ਸ਼ੋਅ ਵੀ ਹੋਵੇਗਾ। ਸ਼ਾਮ 6.30 ਵਜੇ ਭਾਜਪਾ ਦੇ ਸੂਬਾ ਦਫ਼ਤਰ ਵਿੱਚ ਵਿਧਾਇਕਾਂ, ਸੰਸਦ ਮੈਂਬਰਾਂ, ਮੰਤਰੀਆਂ ਅਤੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਹੋਵੇਗੀ। ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਪੁਰੀ ਬੀਚ ‘ਤੇ ਪੀ.ਐਮ ਮੋਦੀ ਅਤੇ ਅਮਿਤ ਸ਼ਾਹ ਦੀ ਰੇਤ ਕਲਾ ਬਣਾਈ।
ਪੰਨੂ ਦੀ ਧਮਕੀ ਕਾਰਨ ਵਧਾ ਦਿੱਤੀ ਗਈ ਹੈ ਸੁਰੱਖਿਆ
ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ (SFJ) ਦੇ ਸੰਸਥਾਪਕ ਪੰਨੂ ਨੇ ਕੁਝ ਦਿਨ ਪਹਿਲਾਂ ਧਮਕੀ ਭਰਿਆ ਵੀਡੀਓ ਜਾਰੀ ਕੀਤਾ ਸੀ। ਜਿਸ ਵਿੱਚ ਉਸਨੇ ਨਕਸਲੀਆਂ, ਮਾਓਵਾਦੀਆਂ, ਕਸ਼ਮੀਰੀ ਅੱਤਵਾਦੀਆਂ ਨੂੰ ਡੀ.ਜੀ-ਆਈ.ਜੀ.ਪੀ. ਕਾਨਫਰੰਸ-2024 ਵਿੱਚ ਗੜਬੜ ਪੈਦਾ ਕਰਨ ਲਈ ਕਿਹਾ ਸੀ। ਇਸ ਕਾਰਨ 59ਵੀਂ ਡੀ.ਜੀ-ਆਈ.ਜੀ.ਪੀ .ਕਾਨਫਰੰਸ 2024 ਲਈ ਪੁਲਿਸ ਫੋਰਸ ਦੀਆਂ 70 ਤੋਂ ਵੱਧ ਪਲਟਨਾਂ ਤਾਇਨਾਤ ਕੀਤੀਆਂ ਗਈਆਂ ਹਨ।