ਲੁਧਿਆਣਾ : ਲੁਧਿਆਣਾ ਸ਼ਹਿਰ ਦੇ ਗਿਆਸਪੁਰਾ ਇਲਾਕੇ (Giaspura Area) ‘ਚ ਸੀਵਰੇਜ ਪਾਈਪ ਪਾਉਣ ਲਈ ਗਲ਼ੀਆਂ ਪੁੱਟੀਆਂ ਹੋਈਆਂ ਹਨ। ਇਸੇ ਦੌਰਾਨ ਦੁਪਹਿਰ ਦੇ ਸਮੇਂ ਸਕੂਲ ਤੋਂ ਛੁੱਟੀ ਹੋਣ ਮਗਰੋਂ ਮੋਟਰਸਾਈਕਲ ‘ਤੇ ਬੱਚਿਆਂ ਨੂੰ ਘਰ ਲਿਜਾ ਰਿਹਾ ਇਕ ਵਿਅਕਤੀ ਬੱਚਿਆਂ ਸਣੇ ਸੀਵਰੇਜ ਮੈਨਹੋਲ ‘ਚ ਜਾ ਡਿੱਗਾ, ਜਿਸ ਨੂੰ ਦੇਖ ਉੱਥੇ ਮੌਜੂਦ ਲੋਕਾਂ ‘ਚ ਹਫੜਾ-ਤਫੜੀ ਮਚ ਗਈ।
ਇਸ ਮਾਮਲੇ ਦੀ ਸੀ.ਸੀ.ਟੀ.ਵੀ. ਵੀਡੀਓ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਮੋਟਰਸਾਈਕਲ ‘ਤੇ 2 ਬੱਚਿਆਂ ਨਾਲ ਜਾ ਰਿਹਾ ਸੀ ਕਿ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਬੱਚਿਆਂ ਸਣੇ ਮੈਨਹੋਲ ‘ਚ ਜਾ ਡਿੱਗਾ। ਇਸ ਮਗਰੋਂ ਲੋਕਾਂ ‘ਚ ਹਫੜਾ-ਤਫੜੀ ਮਚ ਗਈ ਤੇ ਸਾਰੇ ਲੋਕ ਭੱਜ ਕੇ ਉਨ੍ਹਾਂ ਨੂੰ ਬਚਾਉਣ ਲਈ ਆ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਲੰਬੇ ਡੰਡੇ ਤੇ ਪੌੜੀ ਮੈਨਹੋਲ ‘ਚ ਲਟਕਾ ਕੇ ਉਨ੍ਹਾਂ ਨੂੰ ਬਾਹਰ ਕੱਢਿਆ, ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ।
ਜਾਣਕਾਰੀ ਅਨੁਸਾਰ ਇਹ ਮਾਮਲਾ ਲੁਧਿਆਣਾ ਦੇ ਈਸਟਮੈਨ ਚੌਂਕ ਦਾ ਹੈ, ਜਿੱਥੇ ਸੀਵਰੇਜ ਲਾਈਨ ਪਾਉਣ ਦਾ ਕੰਮ ਕੀਤਾ ਜਾਂਦਾ ਹੈ। ਹਾਦਸੇ ਵਾਲੇ ਮੈਨਹੋਲ ਦਾ ਕੰਮ ਮੁਕੰਮਲ ਕਰ ਕੇ ਮਜ਼ਦੂਰ ਅਗਲੇ ਪਾਸੇ ਚਲੇ ਗਏ ਸਨ, ਜਿਸ ਮਗਰੋਂ ਉਕਤ ਵਿਅਕਤੀ ਜਦੋਂ ਸਕੂਲੋਂ ਬੱਚੇ ਲੈ ਕੇ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਉਸ ਦਾ ਪੈਰ ਤਿਲਕ ਗਿਆ ਤੇ ਸੰਤੁਲਨ ਵਿਗੜ ਜਾਣ ਕਾਰਨ ਉਹ ਸੀਵਰੇਜ ਮੈਨਹੋਲ ‘ਚ ਜਾ ਡਿੱਗਾ। ਪਰ ਮੌਕੇ ‘ਤੇ ਮੌਜੂਦ ਲੋਕਾਂ ਨੇ ਚੌਕਸੀ ਦਿਖਾ ਕੇ ਉਨ੍ਹਾਂ ਨੂੰ ਬਚਾ ਤਾਂ ਲਿਆ, ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ।