ਮੋਹਾਲੀ : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਕਣਕ ਦੀ ਫਸਲ ‘ਤੇ ਗੁਲਾਬੀ ਸੁੰਡੀ (Pink Borer) ਦਾ ਹਮਲਾ ਦੇਖਣ ਨੂੰ ਮਿਲਿਆ ਹੈ।। ਇਨ੍ਹਾਂ ਖ਼ਬਰਾਂ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ (The Agriculture Department) ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਡਿਪਟੀ ਡਾਇਰੈਕਟਰ ਖੇਤੀਬਾੜੀ ਦੀ ਹਾਜ਼ਰੀ ਵਿੱਚ ਪੰਜਾਬ ਦੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਕੈਟਰਪਿਲਰ ਦਾ ਹਮਲਾ ਮਾਨਸਾ, ਪਟਿਆਲਾ, ਸੰਗਰੂਰ, ਬਠਿੰਡਾ, ਬਰਨਾਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਦੇਖਿਆ ਗਿਆ ਹੈ।
ਇਸ ਹਮਲੇ ਨੂੰ ਕਾਬੂ ਕਰਨ ਦੀ ਵਿਉਂਤਬੰਦੀ ਤਹਿਤ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਉਹ ਅਤੇ ਉਨ੍ਹਾਂ ਦੇ ਅਧੀਨ ਸਟਾਫ਼ ਲਗਾਤਾਰ ਖੇਤਾਂ ਦਾ ਦੌਰਾ ਕਰਨ ਅਤੇ ਜਿੱਥੇ ਕਿਤੇ ਵੀ ਸੁੰਡੀ ਦਾ ਹਮਲਾ ਨਜ਼ਰ ਆਉਂਦਾ ਹੈ, ਉੱਥੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਅਨੁਸਾਰ ਕੀਟਨਾਸ਼ਕਾਂ ਦਾ ਛਿੜਕਾਅ ਅਪਣੀ ਨਿਗਰਾਨੀ ਹੇਠ ਪਹਿਲ ਦੇ ਆਧਾਰ ‘ਤੇ ਕਰਵਾਈ ਜਾਵੇ। ਇਸ ਦੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਹਮਲੇ ਤੋਂ ਘਬਰਾਉਣ ਦੀ ਲੋੜ ਨਹੀਂ ਹੈ।
ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਖੇਤੀ ਕੀਟਨਾਸ਼ਕ ਜਾਂ ਦਵਾਈ ਦਾ ਛਿੜਕਾਅ ਆਪਣੀ ਮਰਜ਼ੀ ਅਨੁਸਾਰ ਜਾਂ ਕੀਟਨਾਸ਼ਕ ਵਿਕਰੇਤਾ ਦੀ ਸਲਾਹ ਅਨੁਸਾਰ ਨਹੀਂ, ਸਗੋਂ ਆਪਣੇ ਖੇਤਰ ਦੇ ਖੇਤੀ ਮਾਹਿਰ ਦੀ ਸਲਾਹ ਅਨੁਸਾਰ ਕਰਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਫੀਲਡ ਦਫਤਰਾਂ ਅਤੇ ਫਾਰਮਰਜ਼ ਕਾਲ ਸੈਂਟਰ ਪੰਜਾਬ ਤੋਂ ਟੋਲ ਫਰੀ ਨੰਬਰ 1800-180-1551 ‘ਤੇ ਮੁਫਤ ਖੇਤੀ ਸਲਾਹ ਲਈ ਜਾ ਸਕਦੀ ਹੈ।