Home ਪੰਜਾਬ ਸ਼ਰਾਰਤੀ ਨੌਜ਼ਵਾਨ ਬੱਚਿਆਂ ਨੂੰ ਪੁਲਿਸ ਨੇ ਦਿੱਤੀ ਇੱਕ ਅਨੌਖੀ ਸਜ਼ਾ

ਸ਼ਰਾਰਤੀ ਨੌਜ਼ਵਾਨ ਬੱਚਿਆਂ ਨੂੰ ਪੁਲਿਸ ਨੇ ਦਿੱਤੀ ਇੱਕ ਅਨੌਖੀ ਸਜ਼ਾ

0

ਫਰੀਦਕੋਟ : ਹਾਲ ਹੀ ਵਿੱਚ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਸਕੂਲ ਦੀ ਵੀਡੀਓ ਵਾਇਰਲ ਹੋਈ ਸੀ। ਇੱਥੇ ਛੁੱਟੀਆਂ ਦੌਰਾਨ ਕੁਝ ਨੌਜਵਾਨ ਹਥਿਆਰਾਂ ਨਾਲ ਸਕੂਲ ਵਿੱਚ ਦਾਖਲ ਹੋਏ ਸਨ। ਮੌਕੇ ‘ਤੇ ਪੁਲਿਸ ਨੂੰ ਦੇਖ ਕੇ ਉਹ ਭੱਜ ਗਏ ਪਰ ਭੱਜਦੇ ਹੋਏ ਉਨ੍ਹਾਂ ਨੇ ਪੀ.ਸੀ.ਆਰ. ਮੋਟਰਸਾਈਕਲ ਦੇ ਟੋਟੇ-ਟੋਟੇ ਕਰ ਦਿੱਤੇ। ਇਸ ਮੋਟਰਸਾਈਕਲ ’ਤੇ ਸਵਾਰ ਪੁਲਿਸ ਮੁਲਾਜ਼ਮ ਵੀ ਵਾਲ-ਵਾਲ ਬਚ ਗਏ।

ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸੀ.ਸੀ.ਟੀ.ਵੀ. ਫੁਟੇਜ ਤੋਂ ਮੁਲਜ਼ਮਾਂ ਦੀ ਪਛਾਣ ਕਰਕੇ ਕਾਬੂ ਕਰ ਲਿਆ ਗਿਆ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਥਾਂ ਉਨ੍ਹਾਂ ਨੂੰ ਅਨੋਖੀ ਸਜ਼ਾ ਦੇ ਦਿੱਤੀ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਨ੍ਹਾਂ ਨੌਜਵਾਨਾਂ ਨੂੰ ਸਕੂਲ ਤੋਂ ਬਾਅਦ ਇੱਕ ਹਫ਼ਤੇ ਤੱਕ ਪੁਲਿਸ ਦੇ ਟ੍ਰੈਫਿਕ ਵਿੰਗ ਵਿੱਚ ਨੌਕਰੀ ਕਰਨ ਦੇ ਹੁਕਮ ਦਿੱਤੇ ਗਏ ਹਨ। ਐਸ.ਐਸ.ਪੀ ਪ੍ਰਗਿਆ ਜੈਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ।

ਇਸ ਸਬੰਧੀ ਡੀ.ਸੀ.ਪੀ. ਤਿਰਲੋਚਨ ਸਿੰਘ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਥਾਣੇ ਬੁਲਾਇਆ ਅਤੇ ਬੱਚਿਆਂ ਨੂੰ ਮੁੜ ਅਜਿਹਾ ਨਾ ਕਰਨ ਦੀ ਹਦਾਇਤ ਕਰਨ ਦੀ ਅਪੀਲ ਕੀਤੀ। ਮਾਪਿਆਂ ਨੇ ਪੁਲਿਸ ਦੇ ਇਸ ਫ਼ੈਸਲੇ ’ਤੇ ਤਸੱਲੀ ਪ੍ਰਗਟ ਕਰਦਿਆਂ ਪੁਲਿਸ ਦਾ ਧੰਨਵਾਦ ਕੀਤਾ ਕਿਉਂਕਿ ਜੇਕਰ ਕੇਸ ਦਰਜ ਹੋਇਆ ਤਾਂ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਪੈ ਸਕਦਾ ਹੈ। ਮਾਪਿਆਂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਬੱਚੇ ਅਜਿਹਾ ਕੋਈ ਕੰਮ ਨਹੀਂ ਕਰਨਗੇ ਅਤੇ ਪੜ੍ਹਾਈ ਵੱਲ ਧਿਆਨ ਦੇਣਗੇ।

Exit mobile version