ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Bollywood Actor Ranveer Singh) ਨੇ ਮੱਥਾ ਟੇਕਿਆ । ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ, ਇਸ ਦੇ ਨਾਲ ਹੀ ਉਨ੍ਹਾਂ ਲਾਈਨ ’ਚ ਲੱਗ ਕੇ ਗੁਰੂ ਘਰ ਦੇ ਦਰਸ਼ਨ ਵੀ ਕੀਤੇ।
ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂ ਰਣਵੀਰ ਨਾਲ ਤਸਵੀਰਾਂ ਖਿਚਵਾਉਣ ਲਈ ਉਤਾਵਲੇ ਨਜ਼ਰ ਆਏ ਪਰ ਰਣਵੀਰ ਨੇ ਮੱਥਾ ਟੇਕਣ ਤੋਂ ਬਾਅਦ ਕੋਈ ਗੱਲਬਾਤ ਨਹੀਂ ਕੀਤੀ ਅਤੇ ਬਿਨਾਂ ਗੱਲ ਕੀਤੇ ਹੀ ਚਲੇ ਗਏ।ਭਰੋਸੇਮੰਦ ਸੂਤਰਾਂ ਤੋਂ ਪਤਾ ਲੱਗਾ ਕਿ ਰਣਵੀਰ ਆਪਣੀ ਜਲਦ ਹੀ ਆਉਣ ਵਾਲੀ ਫ਼ਿਲਮ ਦੇ ਸਿਲਸਿਲੇ ’ਚ ਗੁਰੂ ਨਗਰੀ ਪਹੁੰਚੇ ਸਨ।
ਇਸ ਉਪਰੰਤ ਰਣਵੀਰ ਸਿੰਘ ਸ਼੍ਰੀ ਦੁਰਗਿਆਣਾ ਤੀਰਥ ਦੇ ਲਕਸ਼ਮੀ ਨਾਰਾਇਣ ਮੰਦਰ ਵਿਖੇ ਵੀ ਨਤਮਸਤਕ ਹੋਣ ਪਹੁੰਚੇ, ਜਿੱਥੇ ਉਨ੍ਹਾਂ ਨੇ ਰਾਮ ਦਰਬਾਰ, ਰਾਧਾ ਕ੍ਰਿਸ਼ਨ ਅਤੇ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਦੇ ਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਨੂੰ ਮੰਦਰ ਦੇ ਮੁੱਖ ਪੰਡਿਤਾਂ ਵੱਲੋਂ ਸਿਰੋਪਾਓ ਵੀ ਦਿੱਤਾ ਗਿਆ ਅਤੇ ਸ੍ਰੀ ਦੁਰਗਿਆਣਾ ਤੀਰਥ ਦੇ ਦਫ਼ਤਰ ਵਿਖੇ ਰਣਵੀਰ ਸਿੰਘ ਨੂੰ ਸ਼੍ਰੀ ਦੁਰਗਿਆਣਾ ਤੀਰਥ ਦਾ ਮਾਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।