ਮਹਾਰਾਸ਼ਟਰ : ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ (Sangli District) ਵਿੱਚ ਇੱਕ ਕੈਮੀਕਲ ਫੈਕਟਰੀ (A Chemical Factory) ਵਿੱਚ ਗੈਸ ਲੀਕ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਤਿੰਨ ਔਰਤਾਂ ਦੀ ਜਾਨ ਚਲੀ ਗਈ। ਇਹ ਘਟਨਾ ਸਾਂਗਲੀ ਦੇ ਸ਼ਾਲਗਾਓਂ ਐਮ.ਆਈ.ਡੀ.ਸੀ. ਖੇਤਰ ਵਿੱਚ ਸਥਿਤ ਮਿਆਂਮਾਰ ਕੈਮੀਕਲ ਕੰਪਨੀ ਵਿੱਚ ਵਾਪਰੀ। ਗੈਸ ਲੀਕ ਹੋਣ ਕਾਰਨ ਕੁੱਲ 9 ਲੋਕ ਪ੍ਰਭਾਵਿਤ ਹੋਏ, ਜਿਨ੍ਹਾਂ ਨੂੰ ਇਲਾਜ ਲਈ ਕਰਾੜ ਦੇ ਸਹਿਯਾਦਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਅਤੇ ਜ਼ਖਮੀਆਂ ਦੀ ਹਾਲਤ
ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਦੋ ਔਰਤਾਂ ਦੀ ਪਛਾਣ ਕੀਤੀ ਗਈ ਹੈ- ਸੁਚਿਤਾ ਉਥਲੇ (50, ਜੋ ਕਿ ਸਾਂਗਲੀ ਦੀ ਵਸਨੀਕ ਸੀ) ਅਤੇ ਨੀਲਮ ਰੇਥੇਰੇਕਰ (26, ਸਤਾਰਾ ਦੀ ਵਸਨੀਕ ਸੀ)। ਤੀਜੀ ਔਰਤ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਹਸਪਤਾਲ ਵਿੱਚ ਦਾਖ਼ਲ ਛੇ ਹੋਰ ਮਰੀਜ਼ਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਆਈ.ਸੀ.ਯੂ. ਵਿੱਚ ਰੱਖਿਆ ਗਿਆ ਹੈ।
ਫਿਲਹਾਲ ਇਸ ਘਟਨਾ ਬਾਰੇ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਫਾਇਰ ਵਿਭਾਗ ਜਾਂ ਪੁਲਿਸ ਵਿਭਾਗ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਹਾਦਸਾ ਇੱਕ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ ਹੋਣ ਕਾਰਨ ਵਾਪਰਿਆ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਆਸ-ਪਾਸ ਦੇ ਲੋਕ ਪ੍ਰਭਾਵਿਤ ਹੋਏ।