ਹਿਮਾਚਲ ਪ੍ਰਦੇਸ਼: ਜ਼ਿਲ੍ਹਾ ਪੁਲਿਸ ਨੂਰਪੁਰ (District Police Nurpur) ਨੇ ਅੱਜ ਸਵੇਰੇ ਸ਼ਰਾਬ ਮਾਫ਼ੀਆ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਨੂਰਪੁਰ ਪੁਲਿਸ (The Nurpur Police) ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਅੱਜ ਸਵੇਰੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।
ਥਾਣਾ ਇੰਚਾਰਜ ਸੁਨੀਲ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਗੋਲਕਾਂ-ਨਵੀਂ ਬਸਤੀ ਰੋਡ ’ਤੇ ਜੰਗਲ ਵਿੱਚ ਖੜ੍ਹੇ ਇੱਕ ਕੈਂਟਰ ਵਿੱਚੋਂ 79 ਪੇਟੀਆਂ ਦੇਸੀ ਸ਼ਰਾਬ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਮਾਮਲੇ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਐਸ.ਪੀ ਨੂਰਪੁਰ ਅਸ਼ੋਕ ਰਤਨਾ ਨੇ ਦੱਸਿਆ ਕਿ ਪੁਲਿਸ ਟੀਮ ਤੜਕੇ ਕਰੀਬ 4 ਵਜੇ ਇਲਾਕੇ ‘ਚ ਗਸ਼ਤ ‘ਤੇ ਸੀ।
ਇਸ ਦੌਰਾਨ ਪੁਲਿਸ ਨੂੰ ਇੱਕ ਕੈਂਟਰ ਵਿੱਚ ਸ਼ਰਾਬ ਹੋਣ ਦੀ ਸੂਚਨਾ ਮਿਲੀ। ਜਿਸ ’ਤੇ ਪੁਲਿਸ ਨੇ ਸੂਤਰਾਂ ਤੋਂ ਦੱਸੀ ਥਾਂ ’ਤੇ ਪਹੁੰਚ ਕੇ ਜੰਗਲ ਵਿੱਚ ਖੜ੍ਹੇ ਕੈਂਟਰ ਦੀ ਤਲਾਸ਼ੀ ਲਈ। ਇਸ ਤਲਾਸ਼ੀ ਦੌਰਾਨ ਪੁਲਿਸ ਨੂੰ 79 ਪੇਟੀਆਂ ਦੇਸੀ ਸ਼ਰਾਬ ਬਰਾਮਦ ਹੋਈ ਅਤੇ ਉਕਤ ਗੱਡੀ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸ਼ਰਾਬ ਸਮੇਤ ਗੱਡੀ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਮੁਹਿੰਮ ਜਾਰੀ ਰਹੇਗੀ।