ਗੁਆਨਾ : ਪ੍ਰਧਾਨ ਮੰਤਰੀ ਮੋਦੀ ਪੱਛਮੀ ਅਫਰੀਕੀ ਦੇਸ਼ਾਂ ਦੇ ਦੌਰੇ ਤੋਂ ਬਾਅਦ ਅੱਜ ਗੁਆਨਾ ਪਹੁੰਚੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨਾਈਜੀਰੀਆ ਅਤੇ ਬ੍ਰਾਜ਼ੀਲ ਗਏ ਸਨ। ਨਾਈਜੀਰੀਆ ਵਿਚ ਉਨ੍ਹਾਂ ਨੂੰ ਸਰਵਉੱਚ ਨਾਗਰਿਕ ਸਨਮਾਨ ਮਿਲਿਆ, ਜਦੋਂ ਕਿ ਬ੍ਰਾਜ਼ੀਲ ਵਿਚ ਉਨ੍ਹਾਂ ਨੇ ਜੀ-20 ਦੇਸ਼ਾਂ ਦੇ ਸੰਮੇਲਨ ਵਿਚ ਹਿੱਸਾ ਲਿਆ।
ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ-ਗੁਯਾਨਾ ਦੇ ਨਜ਼ਦੀਕੀ ਸਬੰਧਾਂ ਦੇ ਪ੍ਰਮਾਣ ਵਜੋਂ ਜੌਰਜਟਾਊਨ ਸ਼ਹਿਰ ਦੀਆਂ ਚਾਬੀਆਂ ਵੀ ਸੌਂਪੀਆਂ ਗਈਆਂ। ਮੋਦੀ ਰਾਸ਼ਟਰਪਤੀ ਮੁਹੰਮਦ ਇਰਫਾਨ ਅਲੀ ਦੇ ਸੱਦੇ ‘ਤੇ ਗੁਆਨਾ ਦਾ ਦੌਰਾ ਕਰ ਰਹੇ ਹਨ ਅਤੇ 21 ਨਵੰਬਰ ਤੱਕ ਇੱਥੇ ਰਹਿਣਗੇ। ਆਪਣੀ ਯਾਤਰਾ ਦੌਰਾਨ ਮੋਦੀ ਰਾਸ਼ਟਰਪਤੀ ਅਲੀ ਨਾਲ ਮੁਲਾਕਾਤ ਕਰਨਗੇ ਅਤੇ ਦੋਵਾਂ ਦੇਸ਼ਾਂ ਦੇ ਵਿਲੱਖਣ ਸਬੰਧਾਂ ਨੂੰ ਰਣਨੀਤਕ ਦਿਸ਼ਾ ਦੇਣ ਬਾਰੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਮੋਦੀ 185 ਸਾਲ ਪਹਿਲਾਂ ਇੱਥੇ ਆਏ ਭਾਰਤੀ ਪ੍ਰਵਾਸੀਆਂ ਨੂੰ ਵੀ ਸ਼ਰਧਾਂਜਲੀ ਦੇਣਗੇ ਅਤੇ ਗੁਆਨਾ ਦੀ ਸੰਸਦ ਨੂੰ ਸੰਬੋਧਨ ਕਰਨਗੇ।
ਗੁਆਨਾ ਅਤੇ ਬਾਰਬਾਡੋਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਰਵਉੱਚ ਪੁਰਸਕਾਰ ਭੇਟ ਕਰਨਗੇ। ਗੁਆਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਸਰਵਉੱਚ ਰਾਸ਼ਟਰੀ ਪੁਰਸਕਾਰ “ਦ ਆਰਡਰ ਆਫ਼ ਐਕਸੀਲੈਂਸ” ਪ੍ਰਦਾਨ ਕਰੇਗਾ। ਬਾਰਬਾਡੋਸ ਵੱਕਾਰੀ ਆਨਰੇਰੀ ਆਰਡਰ ਆਫ ਫਰੀਡਮ ਆਫ ਬਾਰਬਾਡੋਸ ਪ੍ਰਦਾਨ ਕਰੇਗਾ।