Sports News: ਹਾਰਦਿਕ ਪੰਡਯਾ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਸਰਬੋਤਮ ਆਲਰਾਊਂਡਰ ਵਿਚ ਕੀਤੀ ਜਾਂਦੀ ਹੈ। ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਆਈਸੀਸੀ ਦੀ ਟੀ-20 ਤਾਜ਼ਾ ਰੈਂਕਿੰਗ ‘ਚ ਦੁਨੀਆ ਦੇ ਨੰਬਰ-1 ਆਲਰਾਊਂਡਰ ਬਣ ਗਏ ਹਨ। ਉਸਨੇ ਇੰਗਲੈਂਡ ਦੇ ਲਿਆਮ ਲਿਵਿੰਗਸਟਨ ਨੂੰ ਪਿੱਛੇ ਛੱਡ ਦਿੱਤਾ ਹੈ।
ਇਸ ਦੇ ਨਾਲ ਹੀ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ‘ਚ ਲਗਾਤਾਰ ਦੋ ਸੈਂਕੜੇ ਲਗਾਉਣ ਵਾਲੇ ਤਿਲਕ ਵਰਮਾ ਨੇ ਬੱਲੇਬਾਜ਼ਾਂ ਦੀ ਰੈਂਕਿੰਗ ‘ਚ 69 ਸਥਾਨਾਂ ਦੀ ਵੱਡੀ ਛਾਲ ਮਾਰੀ ਹੈ। ਆਫ ਸਪਿਨਰ ਵਰੁਣ ਚੱਕਰਵਰਤੀ ਨੂੰ 36 ਸਥਾਨ ਅਤੇ ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਨੂੰ 17 ਸਥਾਨ ਦਾ ਫਾਇਦਾ ਹੋਇਆ ਹੈ।
ਵਰੁਣ ਗੇਂਦਬਾਜ਼ੀ ਰੈਂਕਿੰਗ ‘ਚ 28ਵੇਂ ਅਤੇ ਸੰਜੂ ਬੱਲੇਬਾਜ਼ੀ ਰੈਂਕਿੰਗ ‘ਚ 22ਵੇਂ ਸਥਾਨ ‘ਤੇ ਪਹੁੰਚ ਗਏ ਹਨ। ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ਦੇ ਟਾਪ-10 ਵਿੱਚ 3 ਭਾਰਤੀ ਤਿਲਕ ਵਰਮਾ, ਸੂਰਿਆਕੁਮਾਰ ਯਾਦਵ ਅਤੇ ਯਸ਼ਸਵੀ ਜੈਸਵਾਲ ਹਨ। ਜਦਕਿ ਗੇਂਦਬਾਜ਼ੀ ਰੈਂਕਿੰਗ ‘ਚ ਟਾਪ-10 ‘ਚ ਦੋ ਭਾਰਤੀ ਅਰਸ਼ਦੀਪ ਸਿੰਘ ਅਤੇ ਰਵੀ ਬਿਸ਼ਨੋਈ ਹਨ। ਆਲਰਾਊਂਡਰ ਹਾਰਦਿਕ ਪੰਡਯਾ ਨੇ ਹਾਲ ਹੀ ‘ਚ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਦੇ ਦੂਜੇ ਮੈਚ ‘ਚ 39 ਦੌੜਾਂ ਦੀ ਅਜੇਤੂ ਪਾਰੀ ਖੇਡੀ। ਜਦਕਿ ਚੌਥੇ ਟੀ-20 ਮੈਚ ‘ਚ ਉਸਨੇ 8 ਦੌੜਾਂ ਦੇ ਕੇ 1 ਵਿਕਟ ਲਈ। ਜਿਸ ਕਾਰਨ ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਨੰਬਰ-1 ਆਲਰਾਊਂਡਰ ਬਣ ਗਿਆ।