ਮੁੰਬਈ : IPL 2025 ਮੈਗਾ ਨਿਲਾਮੀ ਲਈ ਸਟੇਜ਼ ਤਿਆਰ ਹੋ ਚੁਕੀ ਹੈ। ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਨਿਲਾਮੀ ਲਈ 574 ਖਿਡਾਰੀਆਂ ਦੀ ਅੰਤਿਮ ਸੂਚੀ ਜਾਰੀ ਕੀਤੀ ਗਈ। ਇਨ੍ਹਾਂ ਵਿੱਚ 366 ਭਾਰਤੀ ਅਤੇ 208 ਵਿਦੇਸ਼ੀ ਖਿਡਾਰੀ ਸ਼ਾਮਲ ਹਨ। 81 ਖਿਡਾਰੀਆਂ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਹੈ।
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਅਤੇ ਆਸਟਰੇਲੀਆ ਦੇ ਆਲਰਾਊਂਡਰ ਕੈਮਰੂਨ ਗ੍ਰੀਨ ਦਾ ਨਾਂ ਨਿਲਾਮੀ ਸੂਚੀ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਹ ਨਿਲਾਮੀ 24 ਅਤੇ 25 ਨਵੰਬਰ ਨੂੰ ਸਾਊਦੀ ਅਰਬ ਦੇ ਜੇਦਾਹ ਸ਼ਹਿਰ ਵਿੱਚ ਹੋਵੇਗੀ। 10 ਟੀਮਾਂ ਵਿੱਚ 204 ਖਿਡਾਰੀਆਂ ਦੀਆਂ ਅਸਾਮੀਆਂ ਖਾਲੀ ਹਨ, ਟੀਮਾਂ 70 ਵਿਦੇਸ਼ੀ ਖਿਡਾਰੀਆਂ ਨੂੰ ਖਰੀਦ ਸਕਦੀਆਂ ਹਨ।
ਬਿਹਾਰ ਦਾ 13 ਸਾਲਾ ਵੈਭਵ ਸੂਰਿਆਵੰਸ਼ੀ ਸਭ ਤੋਂ ਘੱਟ ਉਮਰ ਦਾ ਖਿਡਾਰੀ ਹੈ, ਜਦਕਿ ਇੰਗਲੈਂਡ ਦਾ 42 ਸਾਲਾ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ। ਜੇਮਸ ਦੀ ਬੇਸ ਪ੍ਰਾਈਸ 1.25 ਕਰੋੜ ਰੁਪਏ ਹੈ।
ਵੈਭਵ ਬਿਹਾਰ ਵਿੱਚ ਘਰੇਲੂ ਕ੍ਰਿਕਟ ਖੇਡਦਾ ਹੈ। IPL ਮੈਗਾ ਨਿਲਾਮੀ 24 ਨਵੰਬਰ ਨੂੰ ਦੁਪਹਿਰ 3 ਵਜੇ ਸ਼ੁਰੂ ਹੋਵੇਗੀ। ਨਿਲਾਮੀ ਅਗਲੇ ਦਿਨ ਵੀ ਬਾਅਦ ਦੁਪਹਿਰ 3 ਵਜੇ ਸ਼ੁਰੂ ਹੋਵੇਗੀ। 574 ਖਿਡਾਰੀਆਂ ਵਿੱਚੋਂ, 244 ਕੈਪਡ ਹਨ, ਜਦੋਂ ਕਿ 330 ਅਨਕੈਪਡ ਹਨ। ਕੈਪਡ ਖਿਡਾਰੀਆਂ ਵਿੱਚ 48 ਭਾਰਤੀ, 193 ਵਿਦੇਸ਼ੀ ਅਤੇ 3 ਸਹਿਯੋਗੀ ਦੇਸ਼ਾਂ ਦੇ ਖਿਡਾਰੀ ਹੋਣਗੇ। ਅਨਕੈਪਡ ਖਿਡਾਰੀਆਂ ਵਿੱਚ ਭਾਰਤ ਦੇ 318 ਅਤੇ ਵਿਦੇਸ਼ਾਂ ਦੇ 12 ਖਿਡਾਰੀ ਹਨ।