ਨਵੀਂ ਦਿੱਲੀ: ਆਮ ਤੌਰ ‘ਤੇ ਵਿਆਹਾਂ ਦੇ ਸੀਜ਼ਨ ‘ਚ ਸੋਨੇ ਦੇ ਗਹਿਣਿਆਂ ਦੀ ਮੰਗ ਵਧ ਜਾਂਦੀ ਹੈ ਪਰ ਇਸ ਵਾਰ ਇਸ ‘ਚ ਕਮੀ ਦੇਖਣ ਨੂੰ ਮਿਲੀ ਹੈ। ਦਸੰਬਰ ‘ਚ ਵਿਆਹਾਂ ਦੀ ਗਿਣਤੀ ਵਧਣ ਵਾਲੀ ਹੈ ਅਤੇ ਆਮ ਤੌਰ ‘ਤੇ ਲਾੜਿਆਂ ਲਈ ਸੋਨੇ ਦੀ ਖਰੀਦਦਾਰੀ ਇਸ ਸਮੇਂ ਤੱਕ ਸ਼ੁਰੂ ਹੋ ਜਾਣੀ ਚਾਹੀਦੀ ਸੀ ਪਰ ਹਾਲ ਹੀ ‘ਚ ਸੋਨੇ ਦੀਆਂ ਕੀਮਤਾਂ ‘ਚ ਆਈ ਗਿਰਾਵਟ ਨੇ ਗਾਹਕਾਂ ਨੂੰ ਖਰੀਦਦਾਰੀ ਕਰਨ ਤੋਂ ਰੋਕ ਦਿੱਤਾ ਹੈ।
ਅਮਰੀਕਾ ‘ਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡਾਲਰ ਦੀ ਕੀਮਤ ਵਧੀ ਹੈ, ਜਿਸ ਕਾਰਨ ਸੋਨੇ ਦੀਆਂ ਕੀਮਤਾਂ (Gold Prices) ‘ਚ ਗਿਰਾਵਟ ਦਰਜ ਕੀਤੀ ਗਈ ਹੈ। ਜਦੋਂ ਤੋਂ ਟਰੰਪ ਨੇ ਚੋਣ ਜਿੱਤੀ ਹੈ, ਸੋਨੇ ਦੀ ਕੀਮਤ 4,622 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਗਈ ਹੈ। ਰਿਪੋਰਟਾਂ ਮੁਤਾਬਕ ਜਦੋਂ 5 ਨਵੰਬਰ ਨੂੰ ਟਰੰਪ ਦੀ ਜਿੱਤ ਪੱਕੀ ਹੋਈ ਸੀ, ਉਦੋਂ ਸੋਨੇ ਦੀ ਕੀਮਤ 78,566 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ 6.25 ਫੀਸਦੀ ਦੀ ਗਿਰਾਵਟ ਨਾਲ 73,944 ਰੁਪਏ ‘ਤੇ ਆ ਗਈ ਹੈ।
ਇਸ ਗਿਰਾਵਟ ਦੇ ਬਾਵਜੂਦ ਸੋਨਾ ਅਜੇ ਵੀ ਪਿਛਲੇ ਸਾਲ ਦੇ ਮੁਕਾਬਲੇ 17 ਫੀਸਦੀ ਮਹਿੰਗਾ ਵਿਕ ਰਿਹਾ ਹੈ। ਡਾਲਰ ਦੇ ਮਜ਼ਬੂਤ ਹੋਣ ਨਾਲ ਸੋਨੇ ਦੀਆਂ ਕੀਮਤਾਂ ‘ਤੇ ਦਬਾਅ ਪਿਆ ਹੈ ਅਤੇ ਡਾਲਰ ਸੂਚਕ ਅੰਕ ਵਧਣ ਨਾਲ ਸੋਨੇ ਦੀਆਂ ਕੀਮਤਾਂ ‘ਤੇ ਅਸਰ ਪਿਆ ਹੈ।
ਇਸ ਗਿਰਾਵਟ ਨੂੰ ਅਸਥਾਈ ਮੰਨਦੇ ਹੋਏ ਸੋਨੇ ਦੇ ਵਪਾਰੀ ਅਤੇ ਜਿਊਲਰਸ ਵੀ ਸਟਾਕ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਫਿਲਹਾਲ ਲੋਕ ਛੋਟੇ ਗਹਿਣੇ ਖਰੀਦ ਰਹੇ ਹਨ, ਪਰ ਗਾਹਕਾਂ ਨੂੰ ਉਮੀਦ ਹੈ ਕਿ ਦਸੰਬਰ ਤੱਕ ਕੀਮਤਾਂ ਹੋਰ ਘਟਣਗੀਆਂ, ਜਿਸ ਨਾਲ ਖਰੀਦਦਾਰਾਂ ਦੀ ਗਿਣਤੀ ਵਧੇਗੀ।
ਆਲ ਇੰਡੀਆ ਜੇਮ ਐਂਡ ਜਿਊਲਰੀ ਕੌਂਸਲ ਦੇ ਵਾਈਸ ਚੇਅਰਮੈਨ ਰੋਕੜੇ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਅਸਥਾਈ ਹੈ। ਦਸੰਬਰ ਤੱਕ ਕੀਮਤਾਂ ਖਰੀਦਦਾਰਾਂ ਲਈ ਆਕਰਸ਼ਕ ਬਣ ਸਕਦੀਆਂ ਹਨ, ਅਤੇ ਜਦੋਂ ਟਰੰਪ ਜਨਵਰੀ-ਫਰਵਰੀ ਵਿੱਚ ਆਪਣੀਆਂ ਆਰਥਿਕ ਨੀਤੀਆਂ ਦਾ ਐਲਾਨ ਕਰਦੇ ਹਨ, ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 3,000 ਰੁਪਏ ਪ੍ਰਤੀ ਟਰਾਯ ਔਂਸ ਤੱਕ ਵੱਧ ਸਕਦੀਆਂ ਹਨ।